ਜੰਮੂ ਤੋਂ ਲਿਆਂਦੇ ਮੁਲਜ਼ਮ ਅਦਾਲਤ ਵਿੱਚ ਪੇਸ਼
ਪੱਤਰ ਪ੍ਰੇਰਕ
ਰਤੀਆ, 12 ਅਕਤੂਬਰ
ਇੱਥੇ ਇਲਾਕੇ ਦੇ ਪਿੰਡ ਨੰਗਲ ਅਤੇ ਹੜੋਲੀ ਵਿੱਚ ਕਥਿਤ ਤੌਰ ’ਤੇ 2 ਨੌਜਵਾਨਾਂ ’ਤੇ ਜਾਨਲੇਵਾ ਹਮਲਾ ਕਰਨ ਉਪਰੰਤ ਜੰਮੂ ਕਸ਼ਮੀਰ ਦੇ ਖੇਤਰ ਵਿਚ ਇਕ ਟੈਕਸੀ ਡਰਾਈਵਰ ਦੀ ਹੱਤਿਆ ਕਰਨ ਦੇ ਮਾਮਲੇ ਵਿੱਚ ਜੰਮੂ ਦੀ ਜੇਲ੍ਹ ਵਿਚ ਬੰਦ ਰਤੀਆ ਇਲਾਕੇ ਦੇ ਕਰੀਬ 10 ਮੁਲਜ਼ਮਾਂ ਨੂੰ ਜੰਮੂ ਕਸ਼ਮੀਰ ਦੀ ਪੁਲੀਸ ਵੱਲੋਂ ਇੱਥੋਂ ਦੀ ਅਦਾਲਤ ਵਿੱਚ ਲਿਆਂਦਾ ਗਿਆ। ਜੰਮੂ ਦੀ ਜੇਲ੍ਹ ਵਿਚ ਸਾਰੇ ਮੁਲਜ਼ਮਾਂ ’ਤੇ ਰਤੀਆ ਸਦਰ ਥਾਣੇ ਵਿੱਚ ਦੋ ਵਾਰਦਾਤਾਂ ਦੇ ਮਾਮਲੇ ਦਰਜ ਹਨ।
ਸਬੰਧਤ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਪੂਰੀ ਅਦਾਲਤ ਵਿਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ। ਇਸ ਦੌਰਾਨ ਹਰਿਆਣਾ ਪੁਲੀਸ ਦੇ ਜਵਾਨਾਂ ਦੇ ਨਾਲ-ਨਾਲ ਕਮਾਂਡੋ ਦੇ ਜਵਾਨ ਵੀ ਤਾਇਨਾਤ ਕੀਤੇ ਗਏ ਸਨ। ਅਦਾਲਤ ਵਿੱਚ ਪੇਸ਼ ਕੀਤੇ ਗਏ ਮੁਲਜ਼ਮਾਂ ਵਿੱਚ ਗੋਪੀ ਉਰਫ ਸੀਬਾ ਵਾਸੀ ਨੰਗਲ, ਕੁਲਦੀਪ ਉਰਫ ਗੁਰਪ੍ਰੀਤ ਨੰਗਲ, ਲੱਕੀ ਉਰਫ ਕਾਲਾ ਵਾਸੀ ਕੋਸਲਾ ਜ਼ਿਲ੍ਹਾ ਮਾਨਸਾ, ਸੁਖਵਿੰਦਰ ਉਰਫ ਪ੍ਰੀਤ ਬਲਿਆਲਾ, ਭਾਨਾ ਉਰਫ ਗੁਰਪ੍ਰੀਤ ਬਲਿਆਲਾ, ਸਾਹਿਲ, ਲੱਕੀ ਬਲਿਆਲਾ, ਗੁਰਸੇਵਕ ਅਤੇ ਅਰਜੁਨ ਉਰਫ ਡੂੰਡਾ ਵਾਸੀ ਬਲਿਆਲਾ ਸ਼ਾਮਲ ਹਨ।
ਥਾਣਾ ਇੰਚਾਰਜ ਨੇ ਦੱਸਿਆ ਕਿ ਅਦਾਲਤ ਵਿੱਚ ਹੀ ਸਬੰਧਤ ਨਾਮਜ਼ਦ ਮੁਲਜ਼ਮਾਂ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਤੋਂ ਇਲਾਵਾ ਵਰਤੇ ਗਏ ਹਥਿਆਰ ਬਰਾਮਦ ਕੀਤੇ ਜਾਣਗੇ।