ਮੁਲਜ਼ਮ ਦੋ ਕਿੱਲੋ ਅਫੀਮ ਸਮੇਤ ਗ੍ਰਿਫ਼ਤਾਰ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਨਵੰਬਰ
ਦੁੱਗਰੀ ਪੁਲੀਸ ਨੇ ਇੱਕ ਵਿਅਕਤੀ ਨੂੰ ਦੋ ਕਿੱਲੋ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਪਿੰਡ ਪੰਜੇਟਾ ਵਾਸੀ ਮਨਵੀਰ ਸਿੰਘ ਵਜੋਂ ਹੋਈ ਹੈ, ਕੁਝ ਸਮਾਂ ਪਹਿਲਾਂ ਹੀ ਦੁਬਈ ਤੋਂ ਪੰਜਾਬ ਪਰਤਿਆ ਸੀ ਪਰ ਇਥੇ ਕੋਈ ਕੰਮ ਨਾ ਮਿਲਣ ਕਰਕੇ ਉਹ ਪੰਜਾਬ ਦੇ ਵੱਖ-ਵੱਖ ਤਸਕਰਾਂ ਤੋਂ ਅਫੀਮ ਲਿਆ ਕੇ ਸ਼ਹਿਰ ਵਿੱਚ ਸਪਲਾਈ ਕਰਨ ਲੱਗ ਪਿਆ। ਮੁਲਜ਼ਮ ਨੂੰ ਵੀਰਵਾਰ ਅਦਾਲਤ ’ਚ ਪੇਸ਼ ਕੀਤਾ ਗਿਆ। ਜਿੱਥੋਂ ਉਸ ਨੂੰ ਤਿੰਨ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਦੁੱਗਰੀ ਪੁਲੀਸ ਨੇ ਮੁਲਜ਼ਮ ਨੂੰ ਕਾਰ ਵਿੱਚ ਦੋ ਕਿੱਲੋ ਦਸ ਗ੍ਰਾਮ ਅਫ਼ੀਮ ਲੈ ਕੇ ਸਪਲਾਈ ਦੇਣ ਜਾਂਦੇ ਹੋਏ ਜੀਐਸਟੀ ਗਰਾਊਂਡ ਕੋਲ ਕਾਬੂ ਕੀਤਾ। ਨਾਕੇ ’ਤੇ ਪੁਲੀਸ ਨੇ ਜਦੋਂ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਕਤ ਅਫ਼ੀਮ ਬਰਾਮਦ ਹੋਈ। ਇਸ ਸਬੰਧੀ ਐੱਸਐੱਚਓ ਸਬ-ਇੰਸਪੈਕਟਰ ਨਰਪਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੂੰ ਨਾਕਾਬੰਦੀ ਦੌਰਾਨ ਸੂਚਨਾ ਮਿਲੀ ਸੀ ਕਿ ਮੁਲਜ਼ਮ ਨਸ਼ਾ ਤਸਕਰੀ ਕਰਦਾ ਹੈ ਤੇ ਆਪਣੀ ਕਾਰ ਵਿੱਚ ਜੀਐੱਸਟੀ ਗਰਾਊਂਡ ਤੋਂ ਬਾਜ਼ਾਰ ਵੱਲ ਜਾ ਰਿਹਾ ਹੈ। ਪੁਲੀਸ ਅਨੁਸਾਰ ਮੁਲਜ਼ਮ ਕਾਫੀ ਸਮੇਂ ਤੋਂ ਦੁਬਈ ਵਿੱਚ ਰਹਿ ਰਿਹਾ ਸੀ ਅਤੇ ਉਥੇ ਟਰੱਕ ਚਲਾਉਂਦਾ ਸੀ। ਕਰੀਬ ਛੇ ਮਹੀਨੇ ਪਹਿਲਾਂ ਮੁਲਜ਼ਮ ਦੁਬਈ ਤੋਂ ਵਾਪਸ ਆਇਆ ਸੀ। ਹੁਣ ਉਹ ਕੰਮ ਦੀ ਤਲਾਸ਼ ਕਰ ਰਿਹਾ ਸੀ ਪਰ ਕੋਈ ਕੰਮ ਨਹੀਂ ਮਿਲਿਆ।
ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਹਲਾਕ
ਸਮਰਾਲਾ (ਪੱਤਰ ਪ੍ਰੇਰਕ): ਪਿੰਡ ਉਟਾਲਾਂ ਵਿੱਚ ਖੰਨਾ-ਸਮਰਾਲਾ ਸੜਕ ’ਤੇ ਇਕ ਤੇਜ਼ ਰਫ਼ਤਾਰ ਸਵਿਫਟ ਡਿਜ਼ਾਇਰ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ (42) ਵਾਸੀ ਪਿੰਡ ਨੌਲੜੀ ਕਲਾਂ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਗੋਬਿੰਦਗੜ ਵਿੱਚ ਕਿਸੇ ਪ੍ਰਾਈਵੇਟ ਮਿੱਲ ਵਿੱਚ ਨੌਕਰੀ ਕਰਦਾ ਸੀ ਤੇ ਬੀਤੀ ਸ਼ਾਮ ਕਰੀਬ ਸਾਢੇ ਪੰਜ ਵਜੇ ਕਿਸੇ ਕੰਮ ਗਿਆ ਸੀ। ਪਿੰਡ ਉਟਾਲਾਂ ਦੇ ਗੁਰਦੁਆਰੇ ਕੋਲ ਉਸ ਨੂੰ ਖੰਨਾ ਵੱਲੋਂ ਆ ਰਹੀ ਤੇਜ਼ ਰਫ਼ਤਾ ਕਾਰ ਦੇ ਚਾਲਕ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਗੁਰਮੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਂਚ ਕਰ ਰਹੇ ਅਧਿਕਾਰੀ ਏਐੱਸਆਈ ਅਵਤਾਰ ਚੰਦ ਨੇ ਦੱਸਿਆ ਕਿ ਕਾਰ ਚਾਲਕ ਮਨੀ ਵਾਸੀ ਬੌਂਦਲ ਰੋਡ ਸਮਰਾਲਾ ਖ਼ਿਲਾਫ ਕੇਸ ਦਰਜ ਕਰ ਲਿਆ ਹੈ ਤੇ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
ਸ਼ਰਾਬ ਸਮੇਤ ਔਰਤ ਸਣੇ ਤਿੰਨ ਗ੍ਰਿਫ਼ਤਾਰ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਨਾਜਾਇਜ਼ ਸ਼ਰਾਬ ਸਮੇਤ ਇੱਕ ਔਰਤ ਸਣੇ ਤਿੰਨ ਜਣਿਆਂ ਨੂੰ ਕਾਬੂ ਕੀਤਾ ਹੈ। ਥਾਣਾ ਡਿਵੀਜ਼ਨ ਨੰਬਰ 2 ਦੇ ਥਾਣੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਗੁਰਚਰਨ ਸਿੰਘ ਵਾਸੀ ਧੂਰੀ ਲਾਈਨ ਆਜ਼ਾਦ ਨਗਰ ਨੂੰ ਨੇੜੇ ਜਾਮਾ ਮਸਜਿਦ ਸ਼ਾਹਪੁਰ ਰੋਡ ਤੋਂ ਐਕਟਿਵਾ ’ਤੇ ਜਾਂਦਿਆਂ ਕਾਬੂ ਕਰ ਕੇ ਉਸ ਕੋਲੋਂ 27 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਥਾਣਾ ਡੇਹਲੋਂ ਦੀ ਪੁਲੀਸ ਨੇ ਹੌਲਦਾਰ ਜਗਜੀਤ ਸਿੰਘ ਦੀ ਅਗਵਾਈ ਹੇਠ ਗਸ਼ਤ ਦੌਰਾਨ ਨਿਰਮਲ ਸਿੰਘ ਤੇ ਮਨਦੀਪ ਕੌਰ ਵਾਸੀ ਪਿੰਡ ਜੱਸੋਵਾਲ ਨੂੰ ਪਿੰਡ ਕਿਲਾ ਰਾਏਪੁਰ ਸਥਿਤ ਘਰ ਦੇ ਬਾਹਰ ਸ਼ਰਾਬ ਰੱਖ ਕੇ ਗਾਹਕਾਂ ਦੀ ਉਡੀਕ ਕਰਦਿਆਂ ਕਾਬੂ ਕਰਕੇ 132 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ।