ਤਿੰਨ ਕਿੱਲੋ ਹੈਰੋਇਨ ਸਣੇ ਗ੍ਰਿਫ਼ਤਾਰ ਮੁਲਜ਼ਮ ਤਿੰਨ ਦਨਿਾਂ ਦੇ ਰਿਮਾਂਡ ’ਤੇ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 26 ਜੁਲਾਈ
ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਥਾਣਾ ਸੀਆਈਏ ਵੱਲੋਂ ਤਿੰਨ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਨੂੰ ਅੱਜ ਅਦਾਲਤ ਨੇ ਤਿੰਨ ਦਨਿਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਮੋਟਰਸਾਈਕਲ ਵੀ ਜ਼ਬਤ ਕੀਤਾ ਗਿਆ ਹੈ।
ਡੀਐੱਸਪੀ ਦਲਬੀਰ ਸਿੰਘ ਤੇ ਥਾਣਾ ਸੀਆਈਏ ਦੇ ਇੰਚਾਰਜ ਇੰਸਪੈਕਟਰ ਹੀਰਾ ਸਿੰਘ ਨੇ ਦੱਸਿਆ ਕਿ ਨਾਇਬ ਸਿੰਘ ਵਾਸੀ ਪਿੰਡ ਅੱਕੂਵਾਲ, ਸੁਰਿੰਦਰ ਸਿੰਘ ਵਾਸੀ ਪਿੰਡ ਖੁਰਸ਼ੈਦਪੁਰ ਦੋਵੇਂ ਮੋਟਰਸਾਈਕਲ ’ਤੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਸਦਰ ਇਲਾਕੇ ਵੱਲੋਂ ਬੇਟ ਇਲਾਕੇ ਵੱਲ ਜਾ ਰਹੇ ਸਨ। ਇਸ ਵੇਲੇ ਦੋਹਾਂ ਨੂੰ ਰੋਕ ਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਤਿੰਨ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਲੁਧਿਆਣਾ ਰੇਂਜ ਦੇ ਆਈਜੀ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਦੋਵੇਂ ਪੇਸ਼ੇਵਰ ਤਸਕਰ ਹਨ, ਜਨਿ੍ਹਾਂ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ। ਇਸ ਮੌਕੇ ਐੱਸਐੱਸਪੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਜਿਸ ਲਿਫਾਫੇ ’ਚੋਂ ਹੈਰੋਇਨ ਮਿਲੀ ਹੈ, ਉਸ ’ਤੇ ਉਰਦੂ ਜ਼ੁਬਾਨ ਵਿੱਚ ਕੁੱਝ ਲਿਖਿਆ ਹੋਇਆ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਆਈਜੀ ਕੌਸਤੁਭ ਸ਼ਰਮਾ ਨੇ ਸਮਾਜ ਸੇਵੀ, ਸੰਸਥਾਵਾਂ, ਪਿੰਡਾਂ ਵਿੱਚ ਕੰਮ ਕਰ ਰਹੀਆਂ ਪੰਚਾਇਤਾਂ, ਪੱਤਰਕਾਰਾਂ, ਬੁੱਧੀਜੀਵੀਆਂ ਸਮੇਤ ਸਾਰੇ ਵਰਗਾਂ ਵੱਲੋਂ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਨਸ਼ਾਮੁਕਤ ਕਰਨ ਲਈ ਨਸ਼ਾ ਤਸਕਰਾਂ ਸਬੰਧੀ ਹਰ ਕਿਸਮ ਦੀ ਜਾਣਕਾਰੀ ਪੁਲੀਸ ਨਾਲ ਸਾਂਝੀ ਕਰਨ।
ਮੁਲਜ਼ਮ ਇਕ ਕਿੱਲੋ ਹੈਰੋਇਨ ਸਣੇ ਕਾਬੂ
ਅੰਬਾਲਾ (ਰਤਨ ਸਿੰਘ ਢਿੱਲੋਂ): ਅੰਬਾਲਾ ਪੁਲੀਸ ਨੇ ਇੱਕ ਵਿਅਕਤੀ ਨੂੰ ਕਿੱਲੋ ਹੈਰੋਇਨ ਸਣੇ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਸੜੀ ਮਿੱਲ, ਅੰਬਾਲਾ ਕੈਂਟ ਦੇ ਵਸਨੀਕ ਦਿਸ਼ਾਂਤ ਕੁਮਾਰ ਉਰਫ਼ ਡੀਕੇ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਕੋਲੋਂ ਬਰਾਮਦ ਹੋਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਪੰਜ ਕਰੋੜ ਰੁਪਏ ਬਣਦੀ ਹੈ। ਪੁਲੀਸ ਨੇ ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਪੰਜ ਦਨਿਾਂ ਦੇ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ 25-26 ਜੁਲਾਈ ਦੀ ਦਰਮਿਆਨੀ ਰਾਤ ਨੂੰ ਐੱਨਸੀਆਰ ਤੋਂ ਭਾਰੀ ਮਾਤਰਾ ਵਿੱਚ ਹੈਰੋਇਨ ਲੈ ਕੇ ਆਈ20 ਗੱਡੀ ਵਿੱਚ ਜਗਾਧਰੀ ਰੋਡ ’ਤੇ ਸਥਿਤ ਕਬਰਿਸਤਾਨ ਕੋਲ ਆ ਰਿਹਾ ਹੈ। ਇਸ ’ਤੇ ਪੁਲੀਸ ਨੇ ਮੁਲਜ਼ਮ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅੱਜਕੱਲ੍ਹ ਸਥਾਨਕ ਪੁਲੀਸ ਲਾਈਨ ਕੋਲ ਰਹਿ ਰਿਹਾ ਸੀ।