ਨਾਜਾਇਜ਼ ਹਥਿਆਰਾਂ ਸਮੇਤ ਮੁਲਜ਼ਮ ਗ੍ਰਿਫ਼ਤਾਰ
ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 14 ਨਵੰਬਰ
ਲੋਹੀਆਂ ਖਾਸ ਦੀ ਪੁਲੀਸ ਨੇ ਵੱਖ-ਵੱਖ ਘਟਨਾਵਾਂ ਦੇ ਮੁਲਜ਼ਮਾਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਜਲੰਧਰ (ਦਿਹਾਤੀ) ਹਰਕਮਲਪ੍ਰੀਤ ਸਿੰਘ ਖੱਖ ਨੇ ਇੱਥੇ ਪ੍ਰੈੱਸ ਕਾਨਫਰੰਸ ਮੌਕੇ ਦੱਸਿਆ ਕਿ 9 ਨਵੰਬਰ ਨੂੰ ਥਾਣਾ ਲੋਹੀਆਂ ਖਾਸ ਦੇ ਮੁਖੀ ਯਾਦਵਿੰਦਰ ਸਿੰਘ ਅਤੇ ਏਐੱਸਆਈ ਬਲਵਿੰਦਰ ਸਿੰਘ ਦੀ ਪੁਲੀਸ ਪਾਰਟੀ ਨੇ ਗਿੱਦੜਪਿੰਡੀ ਦੇ ਟੌਲ ਪਲਾਜ਼ਾ ’ਤੇ ਨਾਕਾ ਲਾ ਕੇ ਕਾਰ ’ਚ ਅਮਨ ਵਾਸੀ ਬਿੱਲੀ ਬੜੈਚ, ਜਸਵਿੰਦਰ ਸਿੰਘ ਉਰਫ ਸ਼ਨੀ ਵਾਸੀ ਮੂਲੇਵਾਲ ਖਹਿਰਾ ਅਤੇ ਜਸਕਰਨ ਸਿੰਘ ਉਰਫ ਸਰਾ ਉਰਫ ਜੱਸ ਵਾਸੀ ਸਿੱਧਵਾਂ ਦੋਨਾ ਨੂੰ ਦੋ ਦੇਸੀ ਨਾਜਾਇਜ਼ ਪਿਸਤੌਲਾਂ 32 ਬੋਰ, 6 ਰੌਂਦਾਂ ਅਤੇ ਮੈਗਜੀਨਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਕੁਝ ਸਮਾਂ ਪਹਿਲਾਂ ਮੱਧ ਪ੍ਰਦੇਸ਼ ’ਚੋਂ ਅੱਠ ਪਿਸਤੌਲ ਅਤੇ 14 ਮੈਗਜੀਨ ਖਰੀਦ ਕੇ ਲਿਆਂਦੇ ਸਨ। ਉਨ੍ਹਾਂ ਵਿੱਚੋਂ ਇੱਕ ਪਿਸਤੌਲ 32 ਬੋਰ ਤੇ ਤਿੰਨ ਰੌਂਦ ਉਨ੍ਹਾਂ ਗੁਰਸ਼ਰਨ ਸਿੰਘ ਉਰਫ ਸ਼ਰਨਾ ਵਾਸੀ ਤਲਵੰਡੀ ਸਲੇਮ ਥਾਣਾ ਸਦਰ ਨਕੋਦਰ ਅਤੇ ਇੱਕ ਪਿਸਤੌਲ ਤੇ ਛੇ ਰੌਂਦ ਅਜੇ ਕੁਮਾਰ ਉਰਫ ਬਿੱਲਾ ਵਾਸੀ ਸ਼ਾਹਜਹਾਨਪੁਰ ਨੂੰ ਵੇਚੇ ਸਨ। ਐੱਸਐੱਸਪੀ ਨੇ ਦੱਸਿਆ ਕਿ ਪੁਲੀਸ ਨੇ ਪ੍ਰਿੰਸ ਵਾਸੀ ਨਵਾਂ ਪਿੰਡ ਦੋਨੇਵਾਲ ਅਤੇ ਵਿਸ਼ਾਲ ਵਾਸੀ ਮੁਹੱਲਾ ਸ਼ੀਨਪੁਰਾ ਕਪੂਰਥਲਾ ਨੂੰ ਇੱਕ ਪਿਸਤੌਲ 32 ਬੋਰ 3 ਰੌਂਦਾਂ ਅਤੇ ਸਕੂਟਰੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਮੈਂਬਰ ਜੀਤਾ ਵਾਸੀ ਕੰਗ ਕਲਾਂ, ਸ਼ਨੀ ਕੁਮਾਰ ਉਰਫ ਸ਼ਨੀ ਵਾਸੀ ਖੋਸਾ, ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਖੋਸਾ, ਗੁਰਸ਼ਰਨ ਸਿੰਘ ਉਰਫ ਸ਼ਰਨਾ ਵਾਸੀ ਤਲਵੰਡੀ ਸਲੇਮ ਤੇ ਬਲਜੀਤ ਸਿੰਘ ਵਾਸੀ ਸੁਲਤਾਨਪੁਰ ਲੋਧੀ ਨੂੰ ਇੱਕ ਪਿਸਤੌਲ 32 ਬੋਰ ਤੇ ਇੱਕ ਰੌਂਦ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।