ਮੁਲਜ਼ਮ ਪੰਜ ਕਿਲੋ ਹੈਰੋਇਨ ਸਣੇ ਕਾਬੂ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 9 ਦਸੰਬਰ
ਕਮਿਸ਼ਨਰੇਟ ਪੁਲੀਸ ਨੇ ਅੱਜ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 5.1 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਗੁਰਵੀਰ ਸਿੰਘ ਉਰਫ਼ ਗੋਰਾ (32) ਵਾਸੀ ਬਸਤੀ ਮੁਹੰਮਦ ਸ਼ਾਹ ਵਾਲੀ, ਫ਼ਿਰੋਜ਼ਪੁਰ ਵਜੋਂ ਹੋਈ ਹੈ। ਪੁਲੀਸ ਨੇ ਉਸ ਕੋਲੋਂ ਫਾਰਚੂਨਰ ਕਾਰ ਵੀ ਜ਼ਬਤ ਕੀਤੀ ਹੈ।
ਡੀਜੀਪੀ ਨੇ ਦੱਸਿਆ ਕਿ ਮੁਲਜ਼ਮ ਨਸ਼ੀਲੇ ਪਦਾਰਥਾਂ ਦੀ ਤਸਕਰੀ ਤਹਿਤ ਖੇਪਾਂ ਦੀ ਡਿਲਿਵਰੀ ਕਰਨ ਲਈ ਵੱਖ-ਵੱਖ ਵਿਅਕਤੀਆਂ ਦੀ ਵਰਤੋਂ ਕਰਦਾ ਸੀ। ਪੁਲੀਸ ਨੇ ਮੁਲਜ਼ਮ ਦੇ ਇੱਕ ਹੋਰ ਸਾਥੀ ਦੀ ਪਛਾਣ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੁਪਤ ਸੂਚਨਾ ’ਤੇ ਕੰਮ ਕਰਦਿਆਂ ਡੀਸੀਪੀ ਆਲਮ ਵਿਜੇ ਸਿੰਘ, ਏਡੀਸੀਪੀ ਇਨਵੈਸਟੀਗੇਸ਼ਨ ਨਵਜੋਤ ਸਿੰਘ ਅਤੇ ਏਸੀਪੀ ਡਿਟੈਕਟਿਵ ਕੁਲਦੀਪ ਸਿੰਘ ਦੀ ਨਿਗਰਾਨੀ ਵਿੱਚ ਅਤੇ ਇੰਚਾਰਜ ਸੀਆਈਏ ਸਟਾਫ-1 ਅਮੋਲਕਦੀਪ ਸਿੰਘ ਦੀ ਅਗਵਾਈ ਵਿੱਚ ਪੁਲੀਸ ਟੀਮ ਨੇ ਵਿਸ਼ੇਸ਼ ਮੁਹਿੰਮ ਚਲਾ ਕੇ ਮੁਲਜ਼ਮ ਨੂੰ ਅੰਮ੍ਰਿਤਸਰ ਦੇ ਲੋਹਾਰਕਾ ਰੋਡ ਤੋਂ ਕਾਬੂ ਕੀਤਾ।
ਪਾਕਿਸਤਾਨ ਤੋਂ ਆਈ 511 ਗਰਾਮ ਹੈਰੋਇਨ ਬਰਾਮਦ
ਤਰਨ ਤਾਰਨ (ਪੱਤਰ ਪ੍ਰੇਰਕ): ਥਾਣਾ ਖਾਲੜਾ ਦੀ ਪੁਲੀਸ ਅਤੇ ਬੀਐੱਸਐੱਫ ਵੱਲੋਂ ਕੱਲ੍ਹ ਇਲਾਕੇ ਵਿੱਚ ਕੀਤੇ ਸਾਂਝੇ ਸਰਚ ਅਪਰੇਸ਼ਨ ਦੌਰਾਨ ਪਿੰਡ ਡੱਲ ਦੇ ਕਿਸਾਨ ਗੁਰਵਿੰਦਰ ਸਿੰਘ ਦੇ ਖੇਤਾਂ ਵਿੱਚੋਂ 511 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਐੱਸਐੱਸਪੀ ਅਭਿਮੰਨਿਊ ਨੇ ਅੱਜ ਇਥੇ ਦੱਸਿਆ ਕਿ ਇਹ ਨਸ਼ੀਲਾ ਪਦਾਰਥ ਡਰੋਨ ਰਾਹੀਂ ਕਿਸੇ ਨੇ ਪਾਕਿਸਤਾਨ ਵਾਲੇ ਪਾਸਿਓਂ ਮੰਗਵਾਇਆ ਸੀ, ਜਿਸ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ| ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ| ਇਸ ਦੇ ਨਾਲ ਹੀ ਸਥਾਨਕ ਸੀਆਈਏ ਸਟਾਫ਼ ਦੇ ਸਬ ਇੰਸਪੈਕਟਰ ਸੁਖਦੇਵ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਸਰਹੱਦੀ ਖੇਤਰ ਦੇ ਪਿੰਡ ਢਾਲਾ ਦੇ ਵਾਸੀ ਅਨਮੋਲਜੀਤ ਸਿੰਘ ਉਰਫ ਮੋਟਾ ਨੂੰ 185 ਗਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ|