ਮੁਲਜ਼ਮ 70 ਗ੍ਰਾਮ ਸੋਨੇ ਸਣੇ ਕਾਬੂ
ਪੱਤਰ ਪ੍ਰੇਰਕ
ਜਲੰਧਰ, 10 ਦਸੰਬਰ
ਕਮਿਸ਼ਨਰੇਟ ਪੁਲੀਸ ਨੇ ਸ਼ਹਿਰ ਦੇ ਇੱਕ ਵਸਨੀਕ ਤੋਂ 70 ਗ੍ਰਾਮ ਸੋਨਾ ਖੋਹਣ ਤੋਂ ਬਾਅਦ ਇੱਕ ਲੁਟੇਰੇ ਨੂੰ 24 ਘੰਟਿਆਂ ਦੇ ਅੰਦਰ ਹੀ ਕਾਬੂ ਕੀਤਾ ਹੈ। ਇਸ ਸਬੰਧੀ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਅਣਪਛਾਤੇ ਨੌਜਵਾਨ ਨੇ ਔਰਤ ਤੋਂ ਹੈਂਡਬੈਗ ਖੋਹ ਲਿਆ ਹੈ। ਉਨ੍ਹਾਂ ਦੱਸਿਆ ਕਿ ਬੈਗ ਵਿੱਚ 7 ਤੋਲੇ ਸੋਨੇ ਦਾ ਹਾਰ, ਦੋ ਮੋਬਾਈਲ ਫ਼ੋਨ ਤੇ ਨਕਦੀ ਆਦਿ ਸਾਮਾਨ ਸੀ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਤਫਤੀਸ਼ ਦੌਰਾਨ ਮੁਲਜ਼ਮ ਦੀ ਪਛਾਣ ਦਾਨਿਆਲ ਪਿੰਡ ਉਸਮਾਨਪੁਰ ਜਲੰਧਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ 24 ਘੰਟਿਆਂ ਦੇ ਅੰਦਰ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 70 ਗ੍ਰਾਮ ਸੋਨੇ ਸਮੇਤ ਹੋਰ ਸਾਮਾਨ ਬਰਾਮਦ ਕੀਤਾ।
ਇਸੇ ਦੌਰਾਨ ਉਨ੍ਹਾਂ ਦੱਸਿਆ ਕਿ ਰਿਲਾਇੰਸ ਮਾਲ ਵਿੱਚ ਹੋਈ ਚੋਰੀ ਦੇ ਮਾਮਲੇ ਨੂੰ ਸੁਲਝਾ ਕੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਦੋ ਮੋਬਾਈਲ ਅਤੇ ਐਲ.ਈ.ਡੀ. ਬਰਾਮਦ ਕਰ ਲਈ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਪੁਲੀਸ ਨੂੰ ਸ਼ਿਕਾਇਤ ਮਿਲੀ ਸੀ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਇੱਕ ਡਿਲੀਵਰੀ ਵਾਹਨ ਤੋਂ ਆਈਫੋਨ 16, ਵਨਪਲੱਸ ਨੋਰਡ-4 ਮੋਬਾਈਲ ਫੋਨ (ਕਾਲਾ ਰੰਗ), ਅਤੇ ਇੱਕ ਟੀਸੀਐੱਲ ਐੱਲਸੀਡੀ ਸਕਰੀਨ ਸਮੇਤ ਇਲੈਕਟ੍ਰਾਨਿਕਸ ਚੋਰੀ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਕਾਰਵਾਈ ਕਰਦਿਆਂ ਤਫਤੀਸ਼ ਦੌਰਾਨ ਮੁਲਜ਼ਮ ਦੀ ਪਛਾਣ ਸੋਨੂੰ ਰਾਏ ਵਾਸੀ ਗਲੀ ਨੰਬਰ 3, ਪ੍ਰਸ਼ੂਰਾਮ ਨਗਰ, ਨੇੜੇ ਬਚਿੱਤਰ ਨਗਰ, ਜਲੰਧਰ ਵਜੋਂ ਹੋਈ ਹੈ। ਇਸ ਤੋਂ ਬਾਅਦ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਦੋ ਮੋਬਾਈਲ ਫ਼ੋਨ ਅਤੇ ਐੱਲ.ਈ.ਡੀ. ਬਰਾਮਦ ਕੀਤੀ ਹੈ।