ਚੋਰੀ ਦੇ 17 ਸਾਈਕਲਾਂ ਸਣੇ ਮੁਲਜ਼ਮ ਗ੍ਰਿਫ਼ਤਾਰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਅਗਸਤ
ਸ਼ਹਿਰ ਦੇ ਸੁਖਨਾ ਝੀਲ ਅਤੇ ਲਈਅਰ ਵੈਲੀ ਦੀ ਪਾਰਕਿੰਗ ਵਿੱਚੋਂ ਸਾਈਕਲਾਂ ਚੋਰੀ ਕਰਨ ਦੇ ਦੋਸ਼ ਹੇਠ ਚੰਡੀਗੜ੍ਹ ਪੁਲੀਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਊਸ ਦੀ ਪਛਾਣ ਨੀਮਕਾਂਤਾ ਵਾਸੀ ਪਿੰਡ ਕਾਂਸਲ ਵਜੋਂ ਹੋਈ ਹੈ। ਇਹ ਕਾਰਵਾਈ ਥਾਣਾ ਸੈਕਟਰ-3 ਦੀ ਪੁਲੀਸ ਨੇ ਕੀਤੀ ਹੈ। ਪੁਲੀਸ ਨੇ ਮੁਲਜ਼ਮ ਤੋਂ 17 ਸਾਈਕਲਾਂ ਬਰਾਮਦ ਕੀਤੀਆਂ ਹਨ। ਇਨ੍ਹਾਂ ਸਾਈਕਲਾਂ ਦੀ ਕੀਮਤ 2.25 ਲੱਖ ਰੁਪਏ ਦੇ ਕਰੀਬ ਹੈ। ਪੁਲੀਸ ਨੇ ਇਹ ਕਾਰਵਾਈ ਆਦੇਸ਼ ਕੁਮਾਰ ਵਾਸੀ ਪਿੰਡ ਖੁੱਡਾ ਅਲੀਸ਼ੇਰ ਦੀ ਸ਼ਿਕਾਇਤ ’ਤੇ ਕੀਤੀ ਹੈ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਆਪਣਾ ਸਾਈਕਲ ਲਈਅਰ ਵੈਲੀ ਦੀ ਪਾਰਕਿੰਗ ਵਿੱਚ ਖੜ੍ਹਾ ਕੀਤਾ ਸੀ ਜੋ ਕਿ ਚੋਰੀ ਹੋ ਗਿਆ ਸੀ। ਪੁਲੀਸ ਨੇ ਇਸ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਮੁੱਢਲੀ ਜਾਂਚ ਮਗਰੋਂ ਊਸ ਤੋਂ 17 ਸਾਈਕਲਾਂ ਬਰਾਮਦ ਹੋਈਆਂ।
ਪੁਲੀਸ ਨੇ ਦੱਸਿਆ ਕਿ ਮੁਲਜ਼ਮ ਅਨੁਸਾਰ ਉਹ ਪਿੰਡ ਖੁੱਡਾ ਅਲੀਸ਼ੇਰ ਵਿੱਚ ਫਾਸਟਫੂਡ ਦੀ ਦੁਕਾਨ ’ਤੇ ਖਾਨਾ ਬਨਾਉਣ ਦਾ ਕੰਮ ਕਰਦਾ ਹੈ ਅਤੇ ਤਾਲਾਬੰਦੀ ਦੌਰਾਨ ਉਸ ਦੀ ਨੌਕਰੀ ਚਲੀ ਗਈ ਸੀ। ਇਸ ਤੋਂ ਬਾਅਦ ਉਸ ਨੇ ਸ਼ਹਿਰ ਵਿੱਚੋਂ ਸਾਈਕਲਾਂ ਚੋਰੀ ਕੀਤੀਆਂ ਅਤੇ ਕੋਠੀਆਂ ਵਿੱਚ ਕੰਮ ਕਰਨ ਵਾਲੇ ਲੜਕਿਆਂ ਨੂੰ ਦੋ-ਦੋ ਹਜ਼ਾਰ ਰੁਪਏ ਵਿੱਚ ਵੇਚ ਦਿੱਤੀਆਂ। ਅਦਾਲਤ ਨੇ ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਏਲਾਂਤੇ ਪਾਰਕਿੰਗ: ਪਰਸ ਚੋਰੀ ਕਰਨ ਦੇ ਦੋਸ਼ ਹੇਠ ਇਕ ਕਾਬੂ
ਥਾਣਾ ਇੰਡਸਟਰੀਅਲ ਏਰੀਆ ਦੀ ਪੁਲੀਸ ਨੇ ਏਲਾਂਤੇ ਮਾਲ ਦੀ ਪਾਰਕਿੰਗ ਵਿੱਚ ਖੜ੍ਹੀ ਕਾਰ ਵਿੱਚੋਂ ਪਰਸ ਚੋਰੀ ਕਰਨ ਦੇ ਦੋਸ਼ ਹੇਠ ਇਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਇਸ ਬਾਰੇ ਚਰਨਪ੍ਰੀਤ ਸਿੰਘ ਵਾਸੀ ਸੋਨੀਪਤ, ਹਰਿਆਣਾ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਕਿ ਕੋਈ ਵਿਅਕਤੀ ਉਸ ਦੀ ਕਾਰ ਵਿੱਚੋਂ ਪਰਸ ਚੋਰੀ ਕਰਕੇ ਫ਼ਰਾਰ ਹੋ ਗਿਆ ਸੀ। ਪਰਸ ਵਿੱਚ ਆਧਾਰ ਕਾਰਡ, 500 ਰੁਪਏ ਤੇ 12 ਡਾਲਰ ਸਨ। ਪੁਲੀਸ ਨੇ ਇਸ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਸੋਹਨ ਸਿੰਘ ਵਾਸੀ ਸੈਕਟਰ-32 ਪੰਚਕੂਲਾ ਨੂੰ ਗ੍ਰਿਫ਼ਤਾਰ ਕੀਤਾ ਹੈ।