ਫਿਰੌਤੀ ਲਈ ਗੋਲੀ ਚਲਾਉਣ ਦੇ ਦੋਸ਼ ਹੇਠ ਮੁਲਜ਼ਮ ਗ੍ਰਿਫ਼ਤਾਰ
ਜੋਗਿੰਦਰ ਸਿੰਘ ਓਬਰਾਏ
ਖੰਨਾ, 10 ਅਕਤੂਬਰ
ਕਰੀਬ 10 ਦਿਨ ਪਹਿਲਾਂ 30 ਸਤੰਬਰ ਨੂੰ ਗੜ੍ਹੀ ਦੇ ਪੁਲ ਨੇੜੇ ਫਿਰੌਤੀ ਲਈ ਇਕ ਕਾਰ ’ਤੇ ਗੋਲੀ ਚਲਾਉਣ ਵਾਲੀ ਘਟਨਾ ਨੂੰ ਅੰਜਾਮ ਦੇਣ ਦੇ ਦੋਸ਼ ਹੇਠ ਖੰਨਾ ਪੁਲੀਸ ਨੇ ਅੱਜ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦ ਕਿ ਉਸ ਦੇ ਦੂਜੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਅਸ਼ਵਨੀ ਗੁਟਿਆਲ ਨੇ ਦੱਸਿਆ ਕਿ 30 ਸਤੰਬਰ ਨੂੰ ਜਦੋਂ ਬਲਦੇਵ ਸਿੰਘ ਵਾਸੀ ਸੈਕਟਰ 33-ਬੀ ਚੰਡੀਗੜ੍ਹ ਆਪਣੇ ਲੜਕੇ ਹਰਸ਼ ਸਿੰਘ ਨਾਲ ਮਾਛੀਵਾੜਾ ਸਾਹਿਬ ਤੋਂ ਆਪਣੀ ਕਾਰ ਰਾਹੀਂ ਵਾਪਸ ਆ ਰਿਹਾ ਸੀ ਤਾਂ ਗੜ੍ਹੀ ਪੁਲ ਨੇੜੇ ਪਿੱਛੋਂ ਆ ਰਹੀ ਆਈ-20 ਕਾਰ ਵਿੱਚ ਸਵਾਰ ਦੋ ਵਿਅਕਤੀਆਂ ’ਚੋਂ ਇੱਕ ਨੇ ਬਲਦੇਵ ਸਿੰਘ ਉੱਪਰ ਗੋਲੀ ਚਲਾ ਦਿੱਤੀ ਜੋ ਉਸ ਦੀ ਗਰਦਨ ਦੇ ਖੱਬੇ ਪਾਸੇ ਲੱਗੀ। ਇਸ ਦੌਰਾਨ ਹਮਲਾਵਰ ਕਾਰ ਭਜਾ ਕੇ ਲੈ ਗਏ, ਜਿਸ ਦੀ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ ਗਈ। ਐੱਸਐੱਸਪੀ ਅਨੁਸਾਰ ਪੜਤਾਲ ਦੌਰਾਨ ਬੀਤੇ ਕੱਲ੍ਹ ਦੇਰ ਸ਼ਾਮ ਜ਼ਿਲ੍ਹਾ ਅੰਮ੍ਰਿਤਸਰ ਅਟਾਰੀ ਦੇ ਵਸਨੀਕ ਪ੍ਰਿਤਪਾਲ ਸਿੰਘ ਉਰਫ਼ ਗੋਰਾ (26 ਸਾਲ) ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀ ਕੋਲੋਂ ਪੁੱਛ-ਪੜਤਾਲ ਦੌਰਾਨ ਪਤਾ ਲੱਗਾ ਕਿ ਉਸ ਨੇ ਆਪਣੇ ਇੱਕ ਸਾਥੀ ਨਾਲ ਮਿਲ ਕੇ ਵਿਦੇਸ਼ ਬੈਠੇ ਸਾਥੀਆਂ ਦੇ ਕਹਿਣ ’ਤੇ ਬਲਦੇਵ ਸਿੰਘ ਨੂੁੰ ਡਰਾਉਣ ਅਤੇ ਫਿਰੌਤੀ ਲੈਣ ਦੀ ਨੀਅਤ ਨਾਲ ਹਮਲਾ ਕੀਤਾ ਸੀ। ਐੱਸਐੱਸਪੀ ਗੁਟਿਆਲ ਨੇ ਦੱਸਿਆ ਕਿ ਵਿਦੇਸ਼ ਬੈਠੇ ਵਿਅਕਤੀ ਕੌਣ ਹਨ ਅਤੇ ਦੋਸ਼ੀ ਦੇ ਦੂਜੇ ਸਾਥੀ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।
ਭੁੱਕੀ ਸਮੇਤ ਤਿੰਨ ਔਰਤਾਂ ਗ੍ਰਿਫ਼ਤਾਰ
ਜਗਰਾਉਂ (ਪੱਤਰ ਪ੍ਰੇਰਕ): ਪੁਲੀਸ ਨੇ ਨਾਕਾਬੰਦੀ ਦੌਰਾਨ ਅੱਜ ਸਾਈਕਲ ਰੇਹੜਾ ਲਈ ਜਾ ਰਹੀਆਂ ਤਿੰਨ ਔਰਤਾਂ ਨੂੰ ਭੁੱਕੀ ਚੂਰਾ ਸਮੇਤ ਕਾਬੂ ਕੀਤਾ ਹੈ। ਡੀਐੱਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਰਜਬਾਹਾ ਪੁਲ ਈਸੇਵਾਲ ’ਤੇ ਮੌਜੂਦ ਪੁਲੀਸ ਮੁਲਾਜ਼ਮਾਂ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਉਕਤ ਔਰਤਾਂ ਰੱਜੀ, ਅੱਕੀ ਤੇ ਸੋਨੀਆਂ ਜੋ ਆਪਸ ਵਿੱਚ ਰਿਸ਼ਤੇਦਾਰ ਹਨ ਨੂੰ ਰੋਕ ਕੇ ਪੁੱਛ-ਪੜਤਾਲ ਕੀਤੀ। ਪੁਲੀਸ ਨੇ ਜਦੋਂ ਰੇਹੜੀ ’ਚ ਰੱਖੇ ਪਲਾਸਟਿਕ ਦੇ ਗੱਟੂ ਨੂੰ ਖੋਲ੍ਹ ਕੇ ਜਾਂਚਿਆ ਤਾਂ ਉਸ ਵਿੱਚੋਂ 32 ਕਿੱਲੋ 630 ਗ੍ਰਾਮ ਭੁੱਕੀ ਬਰਾਮਦ ਹੋਈ। ਪੁਲੀਸ ਨੇ ਤਿੰਨਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।