ਲੁੱਟ-ਖੋਹ ਮਾਮਲੇ ਵਿੱਚ ਮੁਲਜ਼ਮ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਜਲੰਧਰ, 11 ਨਵੰਬਰ
ਕਮਿਸ਼ਨਰੇਟ ਪੁਲੀਸ ਦੇ ਸੀਆਈਏ ਸਟਾਫ ਨੇ ਇੱਕ ਨੌਜਵਾਨ ਨੂੰ ਫੈਕਟਰੀ ਮਾਲਕ ਤੋਂ ਲੁੱਟ-ਖੋਹ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਪੁਲੀਸ ਅਨੁਸਾਰ ਮੁਲਜ਼ਮ ਕੋਲੋਂ ਲੁੱਟ ਦੀ ਨਕਦੀ 2 ਲੱਖ 55 ਹਜ਼ਾਰ ਰੁਪਏ ਬਰਾਮਦ ਕਰ ਲਏ ਹਨ। ਪੁਲੀਸ ਕਮਿਸ਼ਨਰ ਕੁਲਦੀਪ ਚਾਹਲ ਨੇ ਦੱਸਿਆ ਕਿ ਬੀਤੀ 8 ਨਵੰਬਰ ਦੀ ਰਾਤ ਨੂੰ ਲੈਦਰ ਕੰਪਲੈਕਸ ਵਿਚ ਸਥਿਤ ਇੱਕ ਫੈਕਟਰੀ ਮਾਲਕ ਅਜੇ ਅਗਰਵਾਲ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ ਐੱਚਆਰ ਅਸ਼ਵਨੀ ਕੁਮਾਰ ਪੁੱਤਰ ਦੇਸ ਰਾਜ ਨਾਲ ਐਕਟਿਵਾ ’ਤੇ ਆਪਣੀ ਦੂਜੀ ਫੈਕਟਰੀ, ਜੋ ਬਸਤੀ ਸ਼ੇਖ ਵਿਚ ਸਥਿਤ ਹੈ, ਵੱਲ ਜਾ ਰਹੇ ਸਨ। ਇਸ ਦੌਰਾਨ ਕਾਲੇ ਰੰਗ ਦੇ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਉਸ ਨੂੰ ਦਾਤਰ ਦਿਖਾ ਕੇ ਉਸ ਪਾਸੋਂ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ, ਜਿਸ ਵਿਚ 7.50 ਲੱਖ ਰੁਪਏ ਰੁਪਏ ਸਨ। ਇਸ ਮਗਰੋਂ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਸੀਆਈਏ ਸਟਾਫ ਦੀਆਂ ਵੱਖ-ਵੱਖ ਟੀਮਾਂ ਵਲੋਂ ਮੁਲਜ਼ਮਾਂ ਨੂੰ ਫੜਨ ਲਈ ਜਾਂਚ ਸ਼ੁਰੂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੱਜ ਇਕ ਮੁਲਜ਼ਮ ਦਾ ਸੁਰਾਗ ਲਾ ਕੇ ਉਸ ਨੂੰ ਕਾਬੂ ਕਰਨ ਮਗਰੋਂ ਉਸ ਕੋਲੋਂ 2 ਲੱਖ 55 ਹਜ਼ਾਰ ਰੁਪਏ ਬਰਾਮਦ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਉਸ ਦੇ ਬਾਕੀ ਦੇ ਸਾਥੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।