Hand Grenade hurled at Mansa Petrol Pump: ਮਾਨਸਾ ਦੇ ਪੈਟਰੋਲ ਪੰਪ ’ਤੇ ਹੈਂਡ ਗ੍ਰਨੇਡ ਸੁੱਟਣ ਦੇ ਮਾਮਲੇ ’ਚ ਮੁਲਜ਼ਮ ਕਾਬੂ
ਜੋਗਿੰਦਰ ਸਿੰਘ ਮਾਨ
ਮਾਨਸਾ, 12 ਨਵੰਬਰ
ਮਾਨਸਾ ਵਿੱਚ ਦੀਵਾਲੀ ਤੋਂ ਪਹਿਲਾਂ ਪੈਟਰੋਲ ਪੰਪ ’ਤੇ ਅੱਧੀ ਰਾਤ ਨੂੰ ਸੁੱਟੇ ਹੈਂਡ ਗ੍ਰਨੇਡ ਅਤੇ ਫ਼ਿਰੌਤੀ ਮੰਗਣ ਦੇ ਮਾਮਲੇ ਵਿਚ ਮਾਨਸਾ ਪੁਲੀਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਨਸਾ ਦੇ ਐੱਸਐੱਸਪੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ 27 ਅਕਤੂਬਰ ਨੂੰ ਜੀਓ ਪੈਟਰੋਲ ਪੰਪ ਸਿਰਸਾ ਰੋਡ ਮਾਨਸਾ ’ਤੇ ਰਾਤ ਕਰੀਬ 01:31 ਵਜੇ ਹੋਏ ਬੰਬ ਧਮਾਕੇ ਸਬੰਧੀ ਸ਼ਿਮਲਾ ਸਿੰਘ ਵਾਸੀ ਘਰਾਂਗਣਾ ਨੂੰ ਕਾਬੂ ਕੀਤਾ ਹੈ।
ਐੱਸਐੱਸਪੀ ਨੇ ਦੱਸਿਆ ਕਿ ਖੁਸ਼ਿਵੰਦਰ ਸਿੰਘ ਪੁੱਤਰ ਸੁਖਦਰਸ਼ਨ ਸਿੰਘ ਵਾਸੀ ਮਾਨਸਾ ਨੇ ਸ਼ਿਕਾਇਤ ਦਿੱਤੀ ਸੀ ਕਿ 26 ਤੇ 27 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਉਸ ਦੇ ਮਾਨਸਾ ਰੋਡ ਸਥਿਤ ਸਿੱਧੂ ਪੈਟਰੋ ਸਰਵਿਸ ਦੇ ਬਾਹਰਲੇ ਪਾਸੇ ਬੋਰਡਾਂ ਕੋਲ, ਜੋ ਡਰੇਨ ਬਣਿਆ ਹੋਇਆ ਹੈ, ਉਸ ਵਿੱਚ ਕੋਈ ਧਮਾਕਾ ਹੋਇਆ ਹੈ। ਇਸ ਮਗਰੋਂ ਉਸ ਦੇ ਮੋਬਾਈਲ ’ਤੇ ਬਾਹਰਲੇ ਨੰਬਰ 447796170634 ਤੋਂ 5 ਕਰੋੜ ਦੀ ਫਿਰੌਤੀ ਮੰਗੀ ਗਈ। ਫਿਰੌਤੀ ਦੀ ਰਕਮ ਨਾ ਦੇਣ ਦੀ ਸੂਰਤ ਵਿੱਚ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਪੀੜਤ ਦੀ ਸ਼ਿਕਾਇਤ ਉੱਤੇ ਵੱਖ ਵੱਖ ਧਾਰਾਵਾਂ ਤਹਿਤ ਥਾਣਾ ਸਿਟੀ-1 ਮਾਨਸਾ ਵਿਚ ਕੇਸ ਦਰਜ ਕੀਤਾ ਗਿਆ ਸੀ।