For the best experience, open
https://m.punjabitribuneonline.com
on your mobile browser.
Advertisement

ਜਬਰ-ਜਨਾਹ ਤੇ ਕਤਲ ਦੇ 14 ਸਾਲ ਪੁਰਾਣੇ ਕੇਸ ਦਾ ਮੁਲਜ਼ਮ ਗ੍ਰਿਫ਼ਤਾਰ

06:42 AM May 03, 2024 IST
ਜਬਰ ਜਨਾਹ ਤੇ ਕਤਲ ਦੇ 14 ਸਾਲ ਪੁਰਾਣੇ ਕੇਸ ਦਾ ਮੁਲਜ਼ਮ ਗ੍ਰਿਫ਼ਤਾਰ
ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਪੁਲੀਸ ਹਿਰਾਸਤ ’ਚ। -ਫੋਟੋ: ਰਵੀ ਕੁਮਾਰ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 2 ਮਈ
ਚੰਡੀਗੜ੍ਹ ਪੁਲੀਸ ਨੇ 14 ਸਾਲ ਪੁਰਾਣੇ ਜਬਰ-ਜਨਾਹ ਅਤੇ ਕਤਲ ਦੇ ਮਾਮਲੇ ਵਿੱਚ ਇਕ ਜਣੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਮੋਨੂੰ (38) ਵਾਸੀ ਸ਼ਾਹਪੁਰ ਕਲੋਨੀ, ਸੈਕਟਰ-38 ਵੈਸਟ ਵਜੋਂ ਹੋਈ ਹੈ। ਇਸੇ ਮੁਲਜ਼ਮ ਨੇ 11 ਜਨਵਰੀ 2022 ਨੂੰ ਮਲੋਆ ਵਿੱਚ ਇਕ ਹੋਰ ਮੁਟਿਆਰ ਨਾਲ ਜਬਰ-ਜਨਾਹ ਕਰ ਕੇ ਕਤਲ ਕਰ ਦਿੱਤਾ ਸੀ। ਥਾਣਾ ਮਲੋਆ ਦੀ ਪੁਲੀਸ ਵੱਲੋਂ ਮੁਲਜ਼ਮ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਪੁਲੀਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਨੇ ਫੜੇ ਜਾਣ ਦੇ ਡਰ ਤੋਂ ਅੱਜ ਤੱਕ ਆਧਾਰ ਕਾਰਡ ਵੀ ਨਹੀਂ ਬਣਵਾਇਆ ਅਤੇ ਆਪਣਾ ਮੋਬਾਈਲ ਫੋਨ ਦਾ ਨੰਬਰ ਵੀ ਬਦਲਦਾ ਰਹਿੰਦਾ ਸੀ।
ਚੰਡੀਗੜ੍ਹ ਦੀ ਐੱਸਐੱਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ 30 ਜੁਲਾਈ 2010 ਨੂੰ ਸ਼ਾਮ ਸਮੇਂ ਸੈਕਟਰ-38 ਵੈਸਟ ਵਿੱਚ ਰਹਿਣ ਵਾਲੀ 21 ਸਾਲਾਂ ਦੀ ਨੇਹਾ ਟਿਊਸ਼ਨ ਲਈ ਗਈ ਤੇ ਦੇਰ ਰਾਤ ਤੱਕ ਘਰ ਨਹੀਂ ਪਹੁੰਚੀ ਸੀ। ਉਸ ਦੀ ਲਾਸ਼ ਸੈਕਟਰ-38 ਵੈਸਟ ਵਿੱਚ ਟੈਕਸੀ ਸਟੈਂਡ ਤੋਂ ਕੁਝ ਦੂਰ ਜੰਗਲੀ ਇਲਾਕੇ ਵਿੱਚੋਂ ਮਿਲੀ ਸੀ। ਕਿਸੇ ਨੇ ਜਬਰ-ਜਨਾਹ ਕਰਨ ਮਗਰੋਂ ਲੜਕੀ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ ਸੀ। ਇਸ ਬਾਰੇ ਜਾਣਕਾਰੀ ਮਿਲਦੇ ਹੀ ਥਾਣਾ ਸੈਕਟਰ-39 ਦੀ ਪੁਲੀਸ ਨੇ ਅਣਪਛਾਤੇ ਨੌਜਵਾਨਾਂ ਵਿਰੁੱਧ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸੇ ਤਰ੍ਹਾਂ 11 ਜਨਵਰੀ 2022 ਨੂੰ ਮਲੋਆ ਵਿੱਚ ਬੱਸ ਸਟੈਂਡ ਨੇੜੇ ਜੰਗਲੀ ਇਲਾਕੇ ਵਿੱਚ ਮਨਦੀਪ ਕੌਰ ਨਾਲ ਨਾਂ ਦੀ ਮੁਟਿਆਰ ਨਾਲ ਜਬਰ-ਜਨਾਹ ਕਰਨ ਮਗਰੋਂ ਕਿਸੇ ਨੇ ਉਸ ਦਾ ਕਤਲ ਕਰ ਦਿੱਤਾ ਸੀ। ਉਸ ਸਬੰਧੀ ਥਾਣਾ ਮਲੋਆ ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।
ਚੰਡੀਗੜ੍ਹ ਪੁਲੀਸ ਨੇ ਉਕਤ ਮਾਮਲੇ ਸਬੰਧੀ 20 ਜੂਨ 2023 ਨੂੰ ਉੱਚ ਪੱਧਰੀ ਮੀਟਿੰਗ ਕਰ ਕੇ ਦੋਹਾਂ ਮਾਮਲਿਆਂ ਵਿੱਚ ਨਵੇਂ ਸਿਰੇ ਤੋਂ ਜਾਂਚ ਸ਼ੁਰੂ ਕੀਤੀ। ਇਸ ਦੌਰਾਨ ਪੁਲੀਸ ਨੇ ਘਟਨਾ ਵਾਲੀ ਥਾਂ ਨੇੜਲੇ ਇਲਾਕਿਆਂ ਵਿੱਚ 35 ਤੋਂ 40 ਸਾਲ ਉਮਰ ਵਰਗ ਦੇ ਵਿਅਕਤੀਆਂ ਕੋਲੋਂ ਪੁੱਛਗਿਛ ਸ਼ੁਰੂ ਕੀਤੀ। ਪੁਲੀਸ ਨੇ ਉਕਤ ਮਾਮਲੇ ਦੀ ਜਾਂਚ ਦੌਰਾਨ 800 ਦੇ ਕਰੀਬ ਨੌਜਵਾਨਾਂ ਦੇ ਡੀਐੱਨਏ ਦੀ ਜਾਂਚ ਕਰਵਾਈ। ਉਨ੍ਹਾਂ ਕਿਹਾ ਕਿ ਮੁਲਜ਼ਮ ਦੇ ਡੀਐੱਨਏ ਦਾ ਸੈਂਪਲ ਅਗਲਤ 2023 ਵਿੱਚ ਜਾਂਚ ਲਈ ਭੇਜਿਆ ਗਿਆ ਸੀ, ਜਿਸ ਦੀ ਰਿਪੋਰਟ ਸਾਲ 2022 ਵਿੱਚ ਹੋਏ ਮਨਦੀਪ ਕੌਰ ਜਬਰ-ਜਨਾਹ ਮਾਮਲੇ ਨਾਲ ਮੈਚ ਹੋ ਗਈ। ਪੁਲੀਸ ਨੇ ਮੋਨੂੰ ਨੂੰ ਗ੍ਰਿਫ਼ਤਾਰ ਕਰ ਕੇ ਪੜਤਾਲ ਸ਼ੁਰੂ ਕੀਤੀ ਤਾਂ ਉਸ ਨੇ 14 ਸਾਲ ਪਹਿਲਾਂ ਨੇਹਾ ਦੇ ਜਬਰ-ਜਨਾਹ ਤੇ ਕਤਲ ਦੇ ਮਾਮਲੇ ਨੂੰ ਵੀ ਕਬੂਲ ਕਰ ਲਿਆ।
ਐੱਸਐੱਸਪੀ ਕੰਵਰਦੀਪ ਕੌਰ ਨੇ ਕਿਹਾ ਕਿ ਮੁਲਜ਼ਮ ਕੋਲੋਂ ਕੀਤੀ ਗਈ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਉਸ ਨੇ ਸਾਲ 2010 ਵਿੱਚ ਪਿੱਛੇ ਤੋਂ ਨੇਹਾ ਦੇ ਸਿਰ ’ਤੇ ਹਮਲਾ ਕਰਕੇ ਘਟਨਾ ਨੂੰ ਅੰਜਾਮ ਦਿੱਤਾ ਸੀ। ਇਸੇ ਤਰ੍ਹਾਂ ਸਾਲ 2022 ਵਿੱਚ ਮਨਦੀਪ ਕੌਰ ਨਾਲ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਮੁਲਜ਼ਮ ਬਹੁਤ ਹੀ ਸ਼ਾਤਿਰ ਹੈ, ਜੋ ਕਿ ਕਦੇ ਟੈਕਸੀ ਚਲਾਉਂਦਾ ਹੈ, ਕਦੇ ਰੇਹੜੀ ’ਤੇ ਸਬਜ਼ੀਆਂ ਵੇਚਣ ਲੱਗ ਪੈਂਦਾ ਹੈ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਜਾਂਦਾ ਸੀ। ਚੰਡੀਗੜ੍ਹ ਪੁਲੀਸ ਵੱਲੋਂ ਉਕਤ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

Advertisement

ਮੁਲਜ਼ਮ ਖ਼ਿਲਾਫ਼ ਹਿਮਾਚਲ ਪ੍ਰਦੇਸ਼ ’ਚ ਵੀ ਜਬਰ-ਜਨਾਹ ਤੇ ਕਤਲ ਦਾ ਕੇਸ ਦਰਜ

ਪੁਲੀਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਖ਼ਿਲਾਫ਼ ਹਿਮਾਚਲ ਪ੍ਰਦੇਸ਼ ਦੇ ਥਾਣਾ ਖੇਰੀ ਵਿੱਚ ਵੀ ਜਬਰ-ਜਨਾਹ ਤੇ ਕਤਲ ਦਾ ਕੇਸ ਦਰਜ ਹੈ। ਉਸ ਮਾਮਲੇ ਵਿੱਚ 18 ਮਹੀਨੇ ਜੇਲ੍ਹ ’ਚ ਰਹਿਣ ਤੋਂ ਬਾਅਦ ਉਹ ਬਰੀ ਹੋ ਗਿਆ ਸੀ। ਇਸ ਤੋਂ ਇਲਾਵਾ ਮੁਲਜ਼ਮ ਖ਼ਿਲਾਫ਼ ਚੰਡੀਗੜ੍ਹ ਦੇ ਥਾਣਾ ਸੈਕਟਰ-39, ਥਾਣਾ ਸੈਕਟਰ-11, ਥਾਣਾ ਇੰਡਸਟਰੀਅਲ ਏਰੀਆ ਅਤੇ ਥਾਣਾ ਮਲੋਆ ਵਿੱਚ ਚੋਰੀ ਤੇ ਝਪਟਮਾਰੀ ਦੇ ਸੱਤ ਕੇਸ ਦਰਜ ਹਨ। ਮੁਲਜ਼ਮ ਇਨ੍ਹਾਂ ਕੇਸਾਂ ਵਿੱਚ ਗ੍ਰਿਫ਼ਤਾਰ ਹੋਣ ਦੇ ਬਾਵਜੂਦ 14 ਸਾਲ ਪੁਰਾਣੇ ਮਾਮਲੇ ਵਿੱਚ ਪੁਲੀਸ ਦੇ ਹੱਥ ਨਾ ਆਇਆ।

Advertisement
Author Image

joginder kumar

View all posts

Advertisement
Advertisement
×