ਫੈਕਟਰੀ ’ਚੋਂ ਚੋਰੀ ਦੇ ਦੋਸ਼ ਹੇਠ ਮੁਲਜ਼ਮ ਯੂਪੀ ਤੋਂ ਕਾਬੂ
ਪੱਤਰ ਪ੍ਰੇਰਕ
ਜਲੰਧਰ, 5 ਅਗਸਤ
ਇੱਥੋਂ ਦੀ ਕਮਿਸ਼ਨਰੇਟ ਪੁਲੀਸ ਅਧੀਨ ਪੈਂਦੀ ਫੋਕਲ ਪੁਆਇੰਟ ਪੁਲੀਸ ਚੌਕੀ ਦੀ ਪੁਲੀਸ ਨੇ ਫੈਕਟਰੀ ਵਿੱਚੋਂ ਚੋਰੀ ਕਰਨ ਦੇ ਦੋਸ਼ ਹੇਠ ਇੱਕ ਨੌਜਵਾਨ ਨੂੰ ਯੂਪੀ ਤੋਂ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ ਚੋਰੀ ਦੇ 2 ਲੱਖ 19 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਏਡੀਸੀਪੀ ਬਲਵਿੰਦਰ ਸਿੰਘ ਤੇ ਚੌਕੀ ਇੰਚਾਰਜ ਐੱਸਆਈ ਨਰਿੰਦਰ ਮੋਹਣ ਨੇ ਦੱਸਿਆ ਕਿ ਉਨ੍ਹਾਂ ਨੂੰ ਐੱਸ ਕੇ ਮਿੱਤਲ ਇੰਡਸਟਰੀ ਦੇ ਮਾਲਕ ਵਰੁਣ ਜੈਨ ਪੁੱਤਰ ਸਤੀਸ਼ ਕੁਮਾਰ ਜੈਨ ਵਾਸੀ ਰਮੇਸ਼ ਕਲੋਨੀ ਨੇ ਸ਼ਿਕਾਇਤ ਦਿੱਤੀ ਸੀ ਕਿ 31 ਜੁਲਾਈ ਦੀ ਰਾਤ ਨੂੰ ਇੱਕ ਨੌਜਵਾਨ ਨੇ ਉਨ੍ਹਾਂ ਦੀ ਫੈਕਟਰੀ ਅੰਦਰ ਦਾਖਲ ਹੋ ਕੇ ਦਫ਼ਤਰ ਵਿੱਚ ਵਿੱਚੋਂ ਨਗਦੀ ਚੋਰੀ ਕਰ ਲਈ ਸੀ। ਐੱਸਆਈ ਨਰਿੰਦਰ ਮੋਹਣ ਨੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਵਰੁਣ ਜੈਨ ਨੇ ਦੱਸਿਆ ਕਿ ਕੈਮਰਿਆਂ ਵਿੱਚ ਚੋਰੀ ਕਰਨ ਵਾਲਾ ਜੀਵਨ ਲਾਲ ਉਰਫ ਲੰਬੂ ਕਦੇ-ਕਦੇ ਉਸ ਦੀ ਫੈਕਟਰੀ ਵਿੱਚ ਲੇਬਰ ਦਾ ਕੰਮ ਕਰਨ ਲਈ ਆਉਂਦਾ ਸੀ। ਇਸ ’ਤੇ ਪੁਲੀਸ ਪਾਰਟੀ ਵੱਲੋਂ ਜਾਂਚ ਕਰਨ ’ਤੇ ਪਤਾ ਲੱਗਾ ਕਿ ਜੀਵਨ ਲਾਲ ਆਪਣੀ ਪਤਨੀ ਨਾਲ ਆਪਣੇ ਪਿੰਡ ਕੁੰਦਨਪੁਰ, ਯੂਪੀ ਚਲਾ ਗਿਆ ਹੈ। ਪੁਲੀਸ ਵੱਲੋਂ ਉਸ ਨੂੰ ਕਾਬੂ ਕਰ ਕੇ ਉਸ ਪਾਸੋਂ ਚੋਰੀ ਦੇ 2 ਲੱਖ 19 ਹਜ਼ਾਰ ਰੁਪਏ ਬਰਾਮਦ ਕੀਤੇ ਗਏ। ਮੁੱਢਲੀ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਸ ਨੇ ਆਪਣੇ ਸਾਥੀ ਅਜੈ ਨਾਲ ਮਿਲ ਕੇ ਥੋੜ੍ਹੇ ਪੈਸੇ ਖਰਚ ਕਰ ਲਏ ਹਨ ਤੇ ਉਸ ਨੇ ਬਾਕੀ ਪੈਸਿਆਂ ਦਾ ਮੋਟਰਸਾਈਕਲ ਤੇ ਹੋਰ ਸਾਮਾਨ ਲੈਣਾ ਸੀ।