ਨੰਦ ਨਗਰੀ ਖੇਤਰ ਵਿੱਚ ਮੁਕਾਬਲੇ ਮਗਰੋਂ ਮੁਲਜ਼ਮ ਗ੍ਰਿਫ਼ਤਾਰ
ਨਵੀਂ ਦਿੱਲੀ , 5 ਜੂਨ
ਲੁੱਟ-ਖੋਹ ਅਤੇ ਹੱਤਿਆ ਦੇ ਕਈ ਮਾਮਲਿਆਂ ਵਿੱਚ ਲੋੜੀਂਦੇ 22 ਸਾਲਾ ਮੁਲਜ਼ਮ ਨੂੰ ਦਿੱਲੀ ਦੇ ਉੱਤਰੀ ਪੂਰਬੀ ਨੰਦ ਨਗਰੀ ਖੇਤਰ ਵਿੱਚ ਪੁਲੀਸ ਨਾਲ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮ ਦੀ ਪਛਾਣ ਸੁਹੇਲ ਉਰਫ਼ ਚਿਕਨਾ ਉਰਫ਼ ਛੱਪਰ ਵਜੋਂ ਹੋਈ ਹੈ। ਉਸ ਨੂੰ ਬੁੱਧਵਾਰ ਨੂੰ ਦੇਰ ਰਾਤ ਉਦੋਂ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਉਸ ਨੇ ਨੰਦ ਨਗਰੀ ਦੇ ਏ-ਬਲਾਕ ਸਥਿਤ ਜ਼ਿਲ੍ਹਾ ਪਾਰਕ ਦੇ ਨੇੜੇ ਗਸ਼ਤ ਕਰ ਰਹੀ ਪੁਲੀਸ ਟੀਮ ’ਤੇ ਕਥਿਤ ਤੌਰ ’ਤੇ ਗੋਲੀਆਂ ਚਲਾਈਆਂ ਸਨ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਰੀਬ 10.30 ਵਜੇ ਪੁਲੀਸ ਟੀਮ ਨੂੰ ਸੁਹੇਲ ਦੇ ਖੇਤਰ ਵਿੱਚ ਮੌਜੂਦ ਹੋਣ ਬਾਰੇ ਪਤਾ ਲੱਗਿਆ। ਜਦੋਂ ਟੀਮ ਵਜੀਰਾਬਾਦ ਰੋਡ ਫਲਾਈਓਵਰ ਦੇ ਸਾਹਮਣੇ ਸਥਿਤ ਜ਼ਿਲ੍ਹਾ ਪਾਰਕ ਦੇ ਉੱਤਰੀ ਹਿੱਸੇ ਵਿੱਚ ਪਹੁੰਚੀ ਤਾਂ ਇੱਕ ਸ਼ੱਕੀ ਨੌਜਵਾਨ ਮਿਲਿਆ। ਪੁਲੀਸ ਨੇ ਉਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਪਰ ਉਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲੀਸ ਨੇ ਪਹਿਲਾਂ ਆਤਮ-ਸਮਰਪਣ ਲਈ ਕਿਹਾ ਪਰ ਉਸ ਨੇ ਮੁੜ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਵਿੱਚ ਸੁਹੇਲ ਦੇ ਖੱਬੇ ਪੈਰ ’ਤੇ ਗੋਲੀ ਵੱਜੀ। ਉਸ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਕੋਲੋਂ ਪਿਸਤੌਲ ਅਤੇ ਦੋ ਰੌਂਦ ਬਰਾਮਦ ਹੋਏ ਹਨ। ਨੰਦ ਨਗਰੀ ਪੁਲੀਸ ਥਾਣੇ ਵਿੱਚ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ। ਜ਼ਖ਼ਮੀ ਮੁਲਜ਼ਮ ਨੂੰ ਜੀਟੀਬੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਸੁਹੇਲ ਦਰਿਆਗੰਜ ਰੋਡ ਪੁਲੀਸ ਥਾਣੇ ਵਿੱਚ ਦਰਜ ਲੁੱਟ-ਖੋਹ ਅਤੇ ਹੱਤਿਆ ਦੇ ਮਾਮਲੇ ਵਿੱਚ ਤੇ ਜੋਤੀ ਨਗਰ ਪੁਲੀਸ ਥਾਣੇ ਵਿੱਚ ਦਰਜ ਲੁੱਟ ਖੋਹ ਦੇ ਇੱਕ ਹੋਰ ਮਾਮਲੇ ਵਿੱਚ ਲੋੜੀਂਦਾ ਹੈ। ਉਹ ਪਹਿਲਾਂ ਵੀ ਲੁੱਟਖੋਹ ਅਤੇ ਚੋਰੀ ਦੇ ਦੋ ਹੋਰ ਕੇਸਾਂ ਵਿੱਚ ਸ਼ਾਮਲ ਸੀ। ਪੁਲੀਸ ਅਨੁਸਾਰ ਇਸ ਸਬੰਧੀ ਕਾਰਵਾਈ ਜਾਰੀ ਹੈ। -ਪੀਟੀਆਈ
ਦੱਖਣੀ ਦਿੱਲੀ ਵਿੱਚ ਪੁਲੀਸ ਮੁਕਾਬਲੇ ਦੌਰਾਨ ਦੋ ਮੁਲਜ਼ਮ ਜ਼ਖ਼ਮੀ
ਨਵੀਂ ਦਿੱਲੀ: ਦੱਖਣੀ ਦਿੱਲੀ ਦੇ ਸ਼ੇਖ ਸਰਾਏ ਖੇਤਰ ਵਿੱਚ ਬੁੱਧਵਾਰ ਦੇਰ ਰਾਤ ਪੁਲੀਸ ਨਾਲ ਮੁਕਾਬਲੇ ਦੌਰਾਨ ਦੋ ਮੁਲਜ਼ਮ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਮੋਟਰਸਾਈਕਲ ’ਤੇ ਸਵਾਰ ਸਨ। ਪੁਲੀਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੁਲਜ਼ਮਾਂ ਨੇ ਪੁਲੀਸ ਟੀਮ ’ਤੇ ਕਥਿਤ ਤੌਰ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਮਗਰੋਂ ਪੁਲੀਸ ਟੀਮ ਨੇ ਵੀ ਜਵਾਬੀ ਕਾਰਵਾਈ ਕੀਤੀ। ਜਉਨ੍ਹਾਂ ਦੱਸਿਆ ਕਿ ਜ਼ਖ਼ਮੀ ਹੋਏ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਵਾਂ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਦੇ ਠੀਕ ਹੋਣ ’ਤੇ ਪੁਲੀਸ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ। -ਪੀਟੀਆਈ