ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਮੁਲਜ਼ਮਾਂ ਨੇ ਪੇਸ਼ੀ ਭੁਗਤੀ
ਜੋਗਿੰਦਰ ਸਿੰਘ ਮਾਨ
ਮਾਨਸਾ, 16 ਨਵੰਬਰ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਕੁੱਲ 25 ਮੁਲਜ਼ਮਾਂ ਵਿੱਚੋਂ ਅੱਜ ਇੱਥੇ ਅਦਾਲਤ ਵਿੱਚ 5 ਜਣੇ ਨਿੱਜੀ ਤੌਰ ’ਤੇ ਪੇਸ਼ੀ ਭੁਗਤਣ ਲਈ ਆਏ, ਜਦੋਂਕਿ ਬਾਕੀਆਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਜ਼ਿਲ੍ਹਾ ਤੇ ਸੈਸ਼ਨ ਜੱਜ ਪ੍ਰੀਤੀ ਸਾਹਨੀ ਦੀ ਅਦਾਲਤ ਵਿੱਚ ਪੇਸ਼ੀ ਭੁਗਤੀ। ਨਿੱਜੀ ਤੌਰ ’ਤੇ ਪੇਸ਼ ਹੋਣ ਵਾਲਿਆਂ ਵਿੱਚ ਜਗਤਾਰ ਸਿੰਘ ਮੂਸਾ, ਚਰਨਜੀਤ ਸਿੰਘ ਉਰਫ਼ ਚੇਤਨ, ਕੇਸ਼ਵ ਬਠਿੰਡਾ, ਮੋਨੋ ਡਾਗਰ ਅਤੇ ਅਰਸ਼ਦ ਖਾਨ ਸ਼ਾਮਲ ਸਨ। ਉਨ੍ਹਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮਾਮਲੇ ਵਿੱਚ ਅਗਲੀ ਸੁਣਵਾਈ 30 ਨਵੰਬਰ ਨੂੰ ਹੋਵੇਗੀ। ਇਸੇ ਦੌਰਾਨ ਹੀ ਪਤਾ ਲੱਗਿਆ ਹੈ ਕਿ ਲਾਰੈਂਸ ਬਿਸ਼ਨੋਈ, ਦੀਪਕ ਮੁੰਡੀ, ਸੰਦੀਪ ਕੇਕੜਾ, ਬਲਦੇਵ ਨਿੱਕੂ, ਅੰਕਿਤ ਸੇਰਸਾ, ਸਚਿਨ ਭਿਵਾਨੀ, ਕਸ਼ਿਸ, ਮਨਪ੍ਰੀਤ ਭਾਊ, ਕਪਿਲ ਪੰਡਿਤ ਵੱਲੋਂ ਰਘਵੀਰ ਸਿੰਘ ਬਹਿਣੀਵਾਲ ਐਡਵੋਕੇਟ ਪੇਸ਼ ਹੋਏ ਅਤੇ ਜਗਤਾਰ ਸਿੰਘ ਮੂਸਾ ਵੱਲੋਂ ਮਾਨਸਾ ਦੇ ਐਡਵੋਕੇਟ ਪ੍ਰੇਮਨਾਥ ਸਿੰਗਲਾ ਨੇ ਬਚਾਅ ਪੱਖ ਦਾ ਹਲਫ਼ਨਾਮਾ ਦਾਇਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ। ਕੇਸ ਸਬੰਧੀ 30 ਨਵੰਬਰ ਨੂੰ ਬਹਿਸ ਕਰਨ ਲਈ ਵਕੀਲਾਂ ਨੂੰ ਕਿਹਾ ਗਿਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਅਦਾਲਤ ਨੇ ਬਚਾਅ ਪੱਖ ਦੇ ਵਕੀਲਾਂ ਨੂੰ ਕਿਹਾ ਕਿ ਜੇ ਉਹ 30 ਨਵੰਬਰ ਨੂੰ ਬਹਿਸ ਕਰਨ ਵਿੱਚ ਅਸਮਰੱਥ ਰਹਿੰਦੇ ਹਨ ਤਾਂ ਉਹ ਦੋਸ਼ ਆਇਦ ਕਰਨ ਲਈ ਮਜਬੂਰ ਹੋਣਗੇ।