ਪੁਲੀਸ ’ਤੇ ‘ਆਪ’ ਵਿਧਾਇਕ ਨੂੰ ਬਚਾਉਣ ਦੇ ਦੋਸ਼
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 18 ਅਗਸਤ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਬਟਾਲਾ ਪੁਲੀਸ ’ਤੇ ਦੋਸ਼ ਲਾਇਆ ਕਿ ਉਹ ਆਪ ਵਿਧਾਇਕ ਦੀ ਕਾਨੂੰਨੀ ਸ਼ਿਕੰਜੇ ਵਿਚੋਂ ਨਿਕਲਣ ਲਈੇ ਮਦਦ ਕਰ ਰਹੀ ਹੈ। ਇਥੇ ਪੱਤਰਕਾਰ ਸੰਮੇਲਨ ਦੌਰਾਨ ਸ੍ਰੀ ਮਜੀਠੀਆ ਨੇ ਦੋਸ਼ ਲਾਇਆ ਕਿ ਵਿਧਾਇਕ ਨੇ ਸਬ ਇੰਸਪੈਕਟਰ ਨੂੰ ਆਪਣੇ ਦਫਤਰ ਵਿਚ ਸੱਦ ਕੇ ਉਸ ਦੀ ਕਥਿਤ ਤੌਰ ’ਤੇ ਕੁੱਟਮਾਰ ਕਰਵਾਈ ਸੀ ਪਰ ਪੁਲੀਸ ਨੇ ਵਿਧਾਇਕ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜਿ਼ਲ੍ਹਾ ਪੁਲੀਸ ਮੁਖੀ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਕੁਝ ਨਹੀਂ ਹੋਇਆ ਤੇ ਫਿਰ ਬਾਅਦ ਵਿਚ ਘਟਨਾ ਦੀ ਪੁਸ਼ਟੀ ਕਰ ਦਿਤੀ ਪਰ ਹੁਣ ਇਹ ਆਖਿਆ ਜਾ ਰਿਹਾ ਹੈ ਕਿ ਇਹ ਨਿੱਜੀ ਬਦਲਾਖੋਰੀ ਦਾ ਮਾਮਲਾ ਹੈ ਤੇ ਇਸ ਦਾ ਆਪ ਵਿਧਾਇਕ ਨਾਲ ਕੋਈ ਸਰੋਕਾਰ ਨਹੀਂ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਵਿਚ ਪੁਲੀਸ ਕਾਨੂੰਨ ਮੁਤਾਬਕ ਕੰਮ ਕਰੇ ਅਤੇ ਵਿਧਾਇਕ ਖਿਲਾਫ ਐਸ ਆਈ ’ਤੇ ਹਮਲੇ ਦੀ ਸਾਜ਼ਿਸ਼ ਘੜਨ ਦਾ ਕੇਸ ਦਰਜ ਕੀਤਾ ਜਾਵੇ ਕਿਉਂ ਕਿ ਜਦੋਂ ਹਮਲਾ ਹੋਇਆ, ਵਿਧਾਇਕ ਦਫਤਰ ਵਿਚ ਹਾਜ਼ਰ ਸੀ। ਉਨ੍ਹਾਂ ਕਿਹਾ ਕਿ ਪੁਲੀਸ ਇਸ ਘਟਨਾ ਦੀ ਵੀਡੀਓ ਫੁਟੇਜ ਰਿਲੀਜ਼ ਕਰੇ ਨਹੀਂ ਤਾਂ ਜਨਤਕ ਹਿੱਤਾਂ ਵਿਚ ਉਹ ਵੀਡੀਓ ਰਿਲੀਜ਼ ਕਰਨ ਵਾਸਤੇ ਮਜਬੂਰ ਹੋਣਗੇ।