ਸਕੱਤਰ ’ਤੇ ਤਰੱਕੀ ਤੇ ਬਕਾਇਆ ਰੋਕਣ ਦੇ ਦੋਸ਼
ਪੱਤਰ ਪ੍ਰੇਰਕ
ਪਾਤੜਾਂ, 3 ਜੁਲਾਈ
ਸੇਵਾਦਾਰ ਰਾਜੂ ਰਾਮ ਨੇ ਮਾਰਕੀਟ ਕਮੇਟੀ ਪਾਤੜਾਂ ਦੇ ਸਕੱਤਰ ਅਤੇ ਅਧਿਕਾਰੀਆਂ ’ਤੇ ਉਸ ਦੀਆਂ ਬਣਦੀਆਂ ਤਰੱਕੀਆਂ ਤੇ ਬਕਾਇਆ ਦੇਣ ਦੀ ਥਾਂ ਉਸ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਦੂਜੇ ਪਾਸੇ, ਮਾਰਕੀਟ ਕਮੇਟੀ ਸਕੱਤਰ ਨੇ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਦੱਸਿਆ ਹੈ।
ਰਾਜੂ ਨੇ ਕਿਹਾ ਹੈ ਕਿ ਉਹ ਸਾਲ 11 ਅਪਰੈਲ 2000 ਨੂੰ ਮਾਰਕੀਟ ਕਮੇਟੀ ਪਾਤੜਾਂ ਵਿੱਚ ਚੌਕੀਦਾਰ ਭਰਤੀ ਹੋਇਆ ਸੀ। ਸੱਤ ਸਾਲ ਬਾਅਦ ਉਸ ਨੂੰ ਕਲਰਕ ਤੇ ਤਿੰਨ ਸਾਲ ਮਗਰੋਂ ਉਸ ਨੂੰ ਇੱਕ ਹੋਰ ਤਰੱਕੀ ਮਿਲਣੀ ਸੀ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਉਸ ’ਤੇ ਗਬਨ ਦਾ ਕੇਸ ਬਣਾ ਕੇ ਮੁਅਤਲ ਕਰਨ ਮਗਰੋਂ ਕਲਰਕ ਤੋਂ ਸੇਵਾਦਾਰ ਬਣਾ ਦਿੱਤਾ ਸੀ। ਉਨ੍ਹਾਂ ਵੱਲੋਂ ਸਕੱਤਰ ਪੰਜਾਬ ਮੰਡੀ ਬੋਰਡ ਕੋਲ ਪਾਈ ਅਪੀਲ ਮਗਰੋਂ ਕਮੇਟੀ ਅਧਿਕਾਰੀਆਂ ਨੇ ਉਸ ਖ਼ਿਲਾਫ਼ ਪੁਲੀਸ ਕੇਸ ਦਰਜ ਕਰਵਾ ਦਿੱਤਾ ਸੀ। ਜ਼ਿਲ੍ਹਾ ਸ਼ੈਸ਼ਨ ਕੋਰਟ ਪਟਿਆਲਾ ਵਿੱਚੋਂ ਉਹ ਬਰੀ ਹੋ ਗਿਆ ਸੀ। ਇਸ ਮਗਰੋਂ ਹੁਣ ਉਸ ਦੀਆਂ ਤਰੱਕੀਆਂ ਤੇ ਬਕਾਏ ਨਹੀਂ ਦਿੱਤੇ ਜਾ ਰਹੇ।
ਮਾਰਕਿਟ ਕਮੇਟੀ ਪਾਤੜਾਂ ਦੇ ਸਕੱਤਰ ਅਮਨਦੀਪ ਸਿੰਘ ਨੇ ਕਿਹਾ ਕਿ ਗਬਨ ਸਬੰਧੀ ਰਾਜੂ ਰਾਮ ਨੇ ਮੁਆਫ਼ੀ ਮੰਗ ਕੇ ਪੈਸੇ ਭਰੇ ਸਨ। ਉਸ ਸਮੇਂ ਦੇ ਸੈਕਟਰੀ ਨੂੰ ਰਸੀਦ ਬੁੱਕਾਂ ਦਾ ਰਿਕਾਰਡ ਨਾ ਦਿੱਤੇ ਜਾਣ ’ਤੇ ਉਸ ਖ਼ਿਲਾਫ਼ ਕੇਸ ਦਰਜ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਹੈ ਕਿ ਮਾਰਕੀਟ ਕਮੇਟੀ ਪਾਤੜਾਂ ਨੇ ਘਪਲੇ ਮਗਰੋਂ ਰਿਵਰਟ ਕੀਤਾ ਸੀ, ਉਹ ਹੁਣ ਤਰੱਕੀ ਕਿਵੇਂ ਦੇ ਸਕਦੀ ਹੈ। ਰਾਜੂ ਨੂੰ ਪੱਦਉਨਤੀ ਤੇ ਬਕਾਏ ਲਈ ਉੱਚ ਅਧਿਕਾਰੀਆਂ ਕੋਲ ਫ਼ਰਿਆਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਹੈ ਕਿ ਜ਼ਿਲ੍ਹਾ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਪਹਿਲੇ ਸੈਕਟਰੀਆਂ ਨੇ ਵਕੀਲਾਂ ਦੀ ਸਲਾਹ ਨਾਲ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ। ਰਾਜੂ ਉਸ ਦੇ ਰੋਸ ਵਜੋਂ ਬੇਬੁਨਿਆਦ ਦੋਸ਼ ਲਾ ਰਿਹਾ ਹੈ।