ਸੂਬਾ ਸਰਕਾਰ ’ਤੇ ਮੁਲਾਜ਼ਮਾਂ ਨਾਲ ਵਾਅਦਿਆਂ ਤੋਂ ਮੁੱਕਰਨ ਦੇ ਦੋਸ਼
ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 17 ਨਵੰਬਰ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜਿ਼ ਯੂਨੀਅਨ ਪਿਛਲੇ ਲਗਭਗ 20 ਦਿਨਾਂ ਤੋਂ ਸੰਘਰਸ਼ ਦੇ ਮੈਦਾਨ ਵਿੱਚ ਹੈ। ਜਥੇਬੰਦੀ ਮੁਲਾਜ਼ਮਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਲਈ ਜੱਦੋ ਜਹਿਦ ਕਰ ਰਹੀ ਹੈ। ਪੰਜਾਬ ਦੀ ਭਗਵੰਤ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਦਾਅਵੇ ਅਤੇ ਵਾਅਦੇ ਕੀਤੇ ਸਨ ਪਰ ਹਕੀਕਤ ਵਿੱਚ ਸਭ ਝੂਠ ਦਾ ਪੁਲੰਦਾ ਨਿਕਲੇ। ਜ਼ਿਲ੍ਹਾ ਪ੍ਰਧਾਨ ਤਰਸੇਮ ਭੱਠਲ, ਜ਼ਿਲ੍ਹਾ ਜਨਰਲ ਸਕੱਤਰ ਰਵਿੰਦਰ ਸ਼ਰਮਾ, ਡੀ.ਸੀ ਦਫ਼ਤਰ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਚਾਨੇ ਨੇ ਕਿਹਾ ਕਿ ਜਥੇਬੰਦੀ ਵੱਲੋਂ ਕਲਮਛੋੜ ਹੜਤਾਲ 20 ਨਵੰਬਰ ਤੱਕ ਜਾਰੀ ਰਹੇਗੀ। ਜੇ ਸਰਕਾਰ ਨੇ ਜਥੇਬੰਦੀ ਨਾਲ ਗੱਲਬਾਤ ਕਰਕੇ ਹੱਕੀ ਤੇ ਜਾਇਜ਼ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਆਉਣ ਸਮੇਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਨੂੰ ਚੇਤੇ ਕਰਵਾਇਆ ਕਿ ਪਿਛਲੇ ਸਾਲ ਦੀਵਾਲੀ ’ਤੇ ਪੁਰਾਣੀ ਪੈਨਸ਼ਨ ਦਾ ਐਲਾਨ ਮੁੱਖ ਮੰਤਰੀ ਵੱਲੋਂ ਕੀਤਾ ਗਿਆ ਪਰ ਇੱਕ ਸਾਲ ਬੀਤਣ ਦੇ ਬਾਵਜੂਦ ਵਿੱਚ ਵੀ ਹਕੀਕਤ ਵਿੱਚ ਕੁੱਝ ਵੀ ਨਹੀਂ ਹੋਇਆ। ਇਸ ਸਮੇਂ ਰਣਜੀਤ ਸਿੰਘ ਭੰਮ ਸੁਪਰਡੈਂਟ ਕਰ ਵਿਭਾਗ, ਵਿੱਕੀ ਡਾਬਲਾ ਡੀ.ਸੀ ਦਫ਼ਤਰ ਜ਼ਿਲ੍ਹਾ ਸਕੱਤਰ ਮੌਜੂਦ ਸਨ।