ਕੇਂਦਰੀ ਬਜਟ ’ਚ ਕਿਸਾਨਾਂ ਨੂੰ ਵਿਸਾਰਨ ਦੇ ਦੋਸ਼
ਪੱਤਰ ਪ੍ਰੇਰਕ
ਭੁੱਚੋ ਮੰਡੀ, 2 ਫਰਵਰੀ
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਕੇਂਦਰੀ ਬਜਟ ਨੂੰ ਇਨਕਲਾਬੀ ਕੇਂਦਰ ਪੰਜਾਬ ਨੇ ਲੋਕ ਸਰੋਕਾਰਾਂ ਤੋਂ ਸੱਖਣਾ ਕਰਾਰ ਦਿੱਤਾ ਹੈ। ਇਨਕਲਾਬੀ ਕੇਂਦਰ ਦੇ ਸੂਬਾਈ ਪ੍ਰਧਾਨ ਨਰਾਇਣ ਦੱਤ, ਸੂਬਾ ਆਗੂ ਮੁਖਤਿਆਰ, ਜਗਜੀਤ ਸਿੰਘ ਲਹਿਰਾ ਮੁਹੱਬਤ ਅਤੇ ਜਸਵੰਤ ਜੀਰਖ਼ ਪੂਹਲਾ ਨੇ ਕਿਹਾ ਕਿ ਇਹ ਬਜਟ ਪੇਸ਼ ਕਰਦਿਆਂ ਨਿਰਮਲ ਸੀਤਾਰਮਨ ਦਾ ਸਾਰਾ ਧਿਆਨ 31 ਫੀਸਦੀ ਭਾਵ 43.2 ਕਰੋੜ ਵਸੋਂ ਵਾਲੇ ਮੱਧ ਵਰਗ ਦੀ ਇਨਕਮ ਟੈਕਸ ਛੋਟ ਉੱਪਰ ਕੇਂਦਰਿਤ ਹੋਇਆ ਹੈ। ਮੁਲਕ ਵਿੱਚ ਬਾਕੀ 100 ਕਰੋੜ ਮਿਹਨਤਕਸ਼ ਗਰੀਬ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੀ ਵਸੋਂ ਲਈ ਵਿੱਤ ਮੰਤਰੀ ਦੇ ਬਜਟ ਨੇ ਚੁੱਪ ਵੱਟ ਲਈ ਹੈ। ਮੁਲਕ ਦੀ ਅੱਧੀ ਤੋਂ ਵੱਧ ਵਸੋਂ ਪੇਂਡੂ ਖੇਤਰ ਵਿੱਚ ਰਹਿੰਦੀ ਹੈ। 65 ਫੀਸਦੀ ਵਸੋਂ ਹਾਲੇ ਵੀ ਖੇਤੀ ਉੱਪਰ ਨਿਰਭਰ ਹੈ। ਪਹਿਲਾਂ ਹੀ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਨੂੰ 3 ਲੱਖ ਤੋਂ 5 ਲੱਖ ਰੁਪਏ ਦੇ ਕਰੈਡਿਟ ਕਾਰਡ ਕਰਜ਼ਾ ਦੇਣ ਦਾ ਲੌਲੀਪੌਪ ਦਿੱਤਾ ਗਿਆ ਹੈ। ਇਸ ਬਜਟ ਵਿੱਚ ਮੁਲਕ ਦੀ ਰੀੜ੍ਹ ਦੀ ਹੱਡੀ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਬਿਲਕੁਲ ਵਿਸਾਰ ਦਿੱਤਾ ਗਿਆ ਹੈ। ਦੂਜੇ ਪਾਸੇ ਬਿਹਾਰ ਵਿਧਾਨ ਸਭਾ ਚੋਣਾਂ ਸਿਰ ’ਤੇ ਹੋਣ ਕਰ ਕੇ ਖਜ਼ਾਨੇ ਦੀ ਪਟਾਰੀ ਬਿਹਾਰ ਲਈ ਖੋਲ੍ਹ ਦਿੱਤੀ ਹੈ। ਇਨਕਲਾਬੀ ਕੇਂਦਰ ਨੇ ਲੋਕਾਂ ਨੂੰ ਆਪਣੇ ਬੁਨਿਆਦੀ ਮਸਲਿਆਂ ਦੇ ਹੱਲ ਲਈ ਸੰਘਰਸ਼ਾਂ ਦਾ ਪਿੜ ਮੱਲਣ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।