ਭਾਜਪਾ ’ਤੇ ਫ਼ਿਰਕੂ ਸਿਆਸਤ ਕਰਨ ਦੇ ਦੋਸ਼
ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 3 ਅਪਰੈਲ
ਮਨਰੇਗਾ ਮਜ਼ਦੂਰ ਯੂਨੀਅਨ ਅਤੇ ਭਵਨ ਨਿਰਮਾਣ ਯੂਨੀਅਨ (ਸੀਟੂ) ਦੀ ਸਾਂਝੀ ਮੀਟਿੰਗ ਵਿੱਚ 14 ਅਪਰੈਲ ਨੂੰ ਭਾਰਤ ਦੇ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਦੇ ਜਨਮ ਦਿਵਸ ਮੌਕੇ ਹੋਣ ਵਾਲੀ ਕਨਵੈਨਸ਼ਨ ਦੀਆਂ ਤਿਆਰੀਆਂ ਜਾਰੀ ਹਨ। ਦੋਵੇਂ ਜਥੇਬੰਦੀਆਂ ਦੀ ਸਾਂਝੀ 21 ਮੈਂਬਰੀ ਕਮੇਟੀ ਦੀ ਮੀਟਿੰਗ ਸੀਟੂ ਦੇ ਤਹਿਸੀਲ ਸਕੱਤਰ ਰਾਜਜਸਵੰਤ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ। ਸੀਟੂ ਦੇ ਸੂਬਾਈ ਸਕੱਤਰ ਦਲਜੀਤ ਕੁਮਾਰ ਗੋਰਾ ਤੇ ਮਨਰੇਗਾ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਵਿੱਚ ਆਰਐੱਸਐੱਸ ਦੇ ਹਿੰਦੂ ਰਾਸ਼ਟਰ ਦੇ ਏਜੰਡੇ ਨੂੰ ਲਾਗੂ ਕਰਨ ਲਈ ਫ਼ਿਰਕੂ ਪੱਤਾ ਖੇਡ ਰਹੀ ਹੈ।
ਮਜ਼ਦੂਰ ਆਗੂਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇਸ਼ ਦੇ ਸੰਵਿਧਾਨ ਨੂੰ ਬਦਲਣ ਲਈ ਬਜ਼ਿੱਦ ਹੈ। ਉਨ੍ਹਾਂ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਸੀਟੂ ਲੋਕ ਮੁੱਦੇ ਉਭਾਰਨ ਦਾ ਯਤਨ ਕਰੇਗੀ। ਮਜ਼ਦੂਰ ਆਗੂ ਰੁਲਦਾ ਸਿੰਘ ਗੋਬਿੰਦਗੜ੍ਹ, ਆਤਮਾ ਸਿੰਘ ਸਿਵੀਆ, ਰਾਜੂ ਨੂਰਪੁਰਾ, ਪ੍ਰਿਤਪਾਲ ਬਿੱਟਾ, ਕਰਨੈਲ ਸਿੰਘ ਦੱਧਾਹੂਰ, ਭੁਪਿੰਦਰ ਗੋਬਿੰਦਗੜ੍ਹ ਅਤੇ ਕਰਮ ਚੰਦ ਬੁਰਜ ਹਕੀਮਾਂ ਨੇ ਵੀ ਚਰਚਾ ਵਿੱਚ ਭਾਗ ਲਿਆ।