ਗੰਦਗੀ ਕਾਰਨ ਮੁਹਾਲੀ ਦੇ ਸਵੱਛਤਾ ਸਰਵੇਖਣ ਵਿੱਚ ਲਗਾਤਾਰ ਪਛੜਨ ਦੇ ਦੋਸ਼
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 2 ਜੁਲਾਈ
ਮੁਹਾਲੀ ਵਿੱਚ ਚਾਰ ਚੁਫੇਰੇ ਬੇਸ਼ੁਮਾਰ ਗੰਦਗੀ ਫੈਲੀ ਹੋਈ ਹੈ ਜਿਸ ਕਾਰਨ ਸਵੱਛਤਾ ਸਰਵੇਖਣ ਵਿੱਚ ਮੁਹਾਲੀ ਲਗਾਤਾਰ ਪਛੜਦਾ ਜਾ ਰਿਹਾ ਹੈ। ਪੰਜਾਬੀ ਵਿਰਸਾ ਸਭਿਆਚਾਰਕ ਤੇ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਇੱਕ ਪਾਸੇ ਖਰੜ ਅਤੇ ਜ਼ੀਰਕਪੁਰ ਨੂੰ ਮੁਹਾਲੀ ਨਗਰ ਨਿਗਮ ਵਿੱਚ ਸ਼ਾਮਲ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਨਗਰ ਨਿਗਮ ਸਥਾਨਕ ਵਸਨੀਕਾਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ’ਚ ਅਸਮਰੱਥ ਨਜ਼ਰ ਆ ਰਿਹਾ ਹੈ।
ਸ੍ਰੀ ਧਨੋਆ ਨੇ ਕਿਹਾ ਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਦਾ ਮਾਡ਼ਾ ਹਾਲ ਹੈ। ਗਮਾਡਾ ਵੱਲੋਂ ਰਾਖਵੀਂਆਂ ਰੱਖੀਆਂ ਕਾਮਰਸ਼ੀਅਲ ਸਾਈਟਾਂ (ਜੋ ਕਿ ਦਹਾਕਿਆਂ ਤੋਂ ਖਾਲੀ ਪਈਆਂ ਹਨ) ਨੂੰ ਤੁਰੰਤ ਵਿਕਸਤ ਕੀਤਾ ਜਾਵੇ ਜਾਂ ਜਦੋਂ ਤੱਕ ਇਹ ਵਿਕਸਤ ਨਹੀਂ ਹੁੰਦੀਆਂ, ਉਨ੍ਹਾਂ ਦੀ ਸਫ਼ਾਈ ਯਕੀਨੀ ਬਣਾਈ ਜਾਵੇ। ਸਤਵੀਰ ਧਨੋਆ ਨੇ ਕਿਹਾ ਕਿ ਖਰੜ ਅਤੇ ਜ਼ੀਰਕਪੁਰ ਨੂੰ ਮੁਹਾਲੀ ਅਧੀਨ ਲਿਆਉਣ ਤੋਂ ਪਹਿਲਾਂ ਮਾਸਟਰ ਪਲਾਨ ਅਨੁਸਾਰ ਵਸਾਏ ਗਏ ਮੁਹਾਲੀ ਵਾਸੀਆਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ 1969 ਵਿੱਚ ਸ਼ਹਿਰ ਦੇ ਹੋਂਦ ਵਿੱਚ ਆਉਣ ਸਮੇਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ ਅਤੇ ਲੋਕਾਂ ਨੂੰ ਚੰਡੀਗੜ੍ਹ ਦੀ ਤਰਜ਼ ’ਤੇ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਗਏ ਸਨ ਪਰ ਲੰਬਾ ਸਮਾਂ ਬੀਤਣ ਦੇ ਬਾਵਜੂਦ ਹਾਲੇ ਤੱਕ ਸ਼ਹਿਰ ਵਾਸੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ।
ਮਸ਼ੀਨੀ ਸਫਾਈ ਦੇ ਠੇਕੇ ਦੀ ਮਿਆਦ ਪੁੱਗਣ ਕਾਰਨ ਪੇਸ਼ ਆਈ ਸਮੱਸਿਆ
ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮਸ਼ੀਨੀ ਸਫ਼ਾਈ ਦੇ ਠੇਕੇ ਦੀ ਮਿਆਦ ਪੁੱਗ ਚੁੱਕੀ ਹੈ ਜਿਸ ਕਾਰਨ ਸ਼ਹਿਰ ਵਿੱਚ ਸਫ਼ਾਈ ਪ੍ਰਬੰਧਾਂ ਵਿੱਚ ਦਿੱਕਤ ਆ ਰਹੀ ਹੈ। ਮਸ਼ੀਨੀ ਸਫ਼ਾਈ ਦਾ ਠੇਕਾ ਦੇਣ ਲਈ ਨਵੇਂ ਸਿਰਿਓਂ ਟੈਂਡਰ ਜਾਰੀ ਕੀਤਾ ਗਿਆ ਸੀ ਅਤੇ ਹੁਣ ਤੱਕ ਸਿਰਫ਼ ਇੱਕ ਕੰਪਨੀ ਨੇ ਅਪਲਾਈ ਕੀਤਾ ਹੈ ਜਿਸ ਕਾਰਨ ਦੁਬਾਰਾ ਟੈਂਡਰ ਰੀ-ਕਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਸ਼ੀਨੀ ਸਫ਼ਾਈ ਦਾ ਕੰਮ ਠੇਕੇ ’ਤੇ ਦੇਣ ਮਗਰੋਂ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਵਿੱਚ ਵਧੇਰੇ ਸੁਧਾਰ ਆਵੇਗਾ।