For the best experience, open
https://m.punjabitribuneonline.com
on your mobile browser.
Advertisement

ਇਮੀਗ੍ਰੇਸ਼ਨ ਕੰਪਨੀ ’ਤੇ ਠੱਗੀ ਮਾਰਨ ਤੇ ਪੁਲੀਸ ’ਤੇ ਕਾਰਵਾਈ ਨਾ ਕਰਨ ਦੇ ਦੋਸ਼

07:08 AM Jun 20, 2024 IST
ਇਮੀਗ੍ਰੇਸ਼ਨ ਕੰਪਨੀ ’ਤੇ ਠੱਗੀ ਮਾਰਨ ਤੇ ਪੁਲੀਸ ’ਤੇ ਕਾਰਵਾਈ ਨਾ ਕਰਨ ਦੇ ਦੋਸ਼
ਖੰਨਾ ਵਿੱਚ ਧਰਨਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਰੰਧਾਵਾ।
Advertisement

ਜੋਗਿੰਦਰ ਸਿੰਘ ਓਬਰਾਏ
ਖੰਨਾ, 19 ਜੂਨ
ਵਿਦੇਸ਼ ਭੇਜਣ ਦੇ ਨਾਂ ’ਤੇ ਇਥੋਂ ਦੀ ਕਾਸਟਵੇਅ ਇਮੀਗ੍ਰੇਸ਼ਨ ਕੰਪਨੀ ਵੱਲੋਂ ਕਰੋੜਾਂ ਰੁਪਏ ਠੱਗ ਕੇ ਭੱਜ ਜਾਣ ਤੇ ਪੁਲੀਸ ਵੱਲੋਂ ਸਖ਼ਤ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਪੀੜਤ ਪਰਿਵਾਰਾਂ ਨੇ ਅੱਜ ਐਸਐਸਪੀ ਦਫ਼ਤਰ ਅੱਗੇ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਿਸ ਵਿਚ ਵੱਡੀ ਗਿਣਤੀ ਵਿਚ ਵੱਖ ਵੱਖ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੇ ਹਿੱਸਾ ਲਿਆ। ਇਸ ਦੌਰਾਨ ਸ਼ਹਿਰ ਵਿਚ ਭਾਰੀ ਜਾਮ ਲੱਗ ਗਿਆ ਅਤੇ ਅਤਿ ਦੀ ਗਰਮੀ ਵਿਚ ਸੈਂਕੜੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਧਰਨਾਕਾਰੀਆਂ ਨੇ ਪੁਲੀਸ ਪ੍ਰਸ਼ਾਸਨ ਅਤੇ ਇਮੀਗ੍ਰੇਸ਼ਨ ਕੰਪਨੀ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਪੁਲੀਸ ਮੁਲਾਜ਼ਮਾਂ ’ਤੇ ਮਾਮਲੇ ਸਬੰਧੀ ਕਾਰਵਾਈ ਵਿਚ ਢਿੱਲ ਵਰਤਣ ਦੇ ਦੋਸ਼ ਲਾਏ। ਇਸ ਮੌਕੇ ਰੋਹਿਤ ਸ਼ਰਮਾ ਵਾਸੀ ਨਾਭਾ ਨੇ ਕਿਹਾ ਕਿ ਪੁਲੀਸ ਵਾਲੇ ਇਮੀਗ੍ਰੇਸ਼ਨ ਕੰਪਨੀ ਨਾਲ ਮਿਲੇ ਹੋਏ ਹਨ ਕਿਉਂਕਿ ਪੁਲੀਸ ਉਨ੍ਹਾਂ ਨੂੰ ਕਹਿੰਦੀ ਹੈ ਕਿ ਉਹ ਮੁਲਜ਼ਮਾਂ ਨੂੰ ਫੜ ਕੇ ਲਿਆਉਣ ਅਸੀਂ ਕਾਰਵਾਈ ਕਰਾਂਗੇ। ਜੇਕਰ ਆਮ ਲੋਕਾਂ ਨੇ ਹੀ ਮੁਲਜ਼ਮਾਂ ਨੂੰ ਫੜਨਾ ਹੈ ਤਾਂ ਪੁਲੀਸ ਵਰਦੀਆਂ ਪਾ ਕੇ ਸਰਕਾਰ ਕੋਲੋਂ ਤਨਖਾਹਾਂ ਕਿਉਂ ਲੈ ਰਹੀ ਹੈ। ਇਸ ਮੌਕੇ ਪੁੱਜੇ ਡੀਐਸਪੀ ਸੁਖਅੰਮ੍ਰਿਤ ਸਿੰਘ ਰੰਧਾਵਾ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਲੋਕਾਂ ਨੇ ਉਨ੍ਹਾਂ ਦੀ ਨਹੀਂ ਮੰਨੀ। ਉਨ੍ਹਾਂ ਕਿਹਾ ਕਿ ਪੁਲੀਸ ਕਈ ਮੁਲਜ਼ਮਾਂ ਖਿਲਾਫ਼ ਪਰਚੇ ਦਰਜ ਕਰ ਚੁੱਕੀ ਹੈ, ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Advertisement

ਪੈਸੇ ਲੈਣ ਦੇ ਬਾਵਜੂਦ ਵਿਦੇਸ਼ ਨਾ ਭੇਜਿਆ; 14 ਲੱਖ ਰੁਪਏ ਦੀ ਠੱਗੀ ਮਾਰੀ

ਖੰਨਾ (ਨਿੱਜੀ ਪੱਤਰ ਪ੍ਰੇਰਕ): ਕੈਨੇਡਾ ਵਿਚ ਵਰਕ ਪਰਮਿਟ ਦਿਵਾਉਣ ਦੇ ਨਾਂ ’ਤੇ 14 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਸਕਾਈਲਾਰਕ ਇਮੀਗਰੇਸ਼ਨ ਕੰਪਨੀ ਦੇ ਮਾਲਕ ਖਿਲਾਫ਼ ਥਾਣਾ ਸਿਟੀ-2 ਦੀ ਪੁਲੀਸ ਨੇ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਹਿਚਾਣ ਕੰਪਨੀ ਮਾਲਕ ਬਲਜਿੰਦਰ ਸਿੰਘ ਵਾਸੀ ਖੰਨਾ ਵਜੋਂ ਹੋਈ। ਸ਼ਿਕਾਇਤਕਰਤਾ ਸ਼ਮਸ਼ੇਰ ਸਿੰਘ ਵਾਸੀ ਖੰਨਾ ਨੇ ਦੱਸਿਆ ਕਿ ਬਲਜਿੰਦਰ ਸਿੰਘ ਨੇ ਉਸ ਦੇ ਲੜਕੇ ਅਰਸ਼ਦੀਪ ਸਿੰਘ ਨੂੰ ਕੈਨੇਡਾ ਭੇਜਣ ਲਈ 5 ਸਤੰਬਰ 2022 ਨੂੰ ਉਸ ਨਾਲ ਲਿਖਤੀ ਸਮਝੌਤਾ ਕੀਤਾ ਸੀ, ਜਿਸ ਵਿਚ ਫੈਸਲਾ ਕੀਤਾ ਗਿਆ ਕਿ 10 ਜਨਵਰੀ 2023 ਉਸਦਾ ਲੜਕਾ ਵਰਕ ਪਰਮਿਟ ’ਤੇ ਕੈਨੇਡਾ ਭੇਜਿਆ ਜਾਵੇਗਾ ਜਿਸ ਦੇ ਬਦਲੇ ਬਲਜਿੰਦਰ ਸਿੰਘ ਨੇ 16.50 ਲੱਖ ਰੁਪਏ ਨਗਦ ਵਸੂਲ ਕੀਤੇ ਅਤੇ ਬਾਕੀ 10 ਲੱਖ ਰੁਪਏ ਵੀਜ਼ਾ ਆਉਣ ਉਪਰੰਤ ਦੇਣ ਦਾ ਫੈਸਲਾ ਕੀਤਾ ਗਿਆ। ਸਮਝੌਤੇ ਅਨੁਸਾਰ ਉਸ ਦੇ ਪੁੱਤਰ ਨੂੰ ਨੀਯਤ ਸਮੇਂ ਤੱਕ ਵਿਦੇਸ਼ ਨਾ ਭੇਜੇ ਜਾਣ ’ਤੇ ਸਾਰੀ ਰਕਮ ਵਾਪਸ ਕਰਨ ਦਾ ਫੈਸਲਾ ਕੀਤਾ ਗਿਆ। ਇਸ ਉਪਰੰਤ ਬਲਜਿੰਦਰ ਸਿੰਘ ਨੇ ਉਸ ਦੇ ਪੁੱਤਰ ਨੂੰ ਪਹਿਲਾ 2022 ਵਿਚ 36 ਦਿਨਾਂ ਲਈ ਮਲੇਸ਼ੀਆ ਭੇਜ ਦਿੱਤਾ, ਫ਼ਿਰ 8 ਮਹੀਨੇ ਲਈ ਦੁਬਈ ਭੇਜ ਦਿੱਤਾ ਅਤੇ ਮੁੜ ਭਾਰਤ ਬੁਲਾ ਲਿਆ। ਜਦੋਂ ਉਸ ਨੇ ਅਰਸ਼ਦੀਪ ਨੂੰ ਕੈਨੇਡਾ ਨਾ ਭੇਜਿਆ ਤਾਂ ਉਨ੍ਹਾਂ ਪੈਸੇ ਵਾਪਸ ਮੰਗੇ ਤਾਂ ਬਲਜਿੰਦਰ ਸਿੰਘ ਨੇ ਉਸ ਨੂੰ ਢਾਈ ਲੱਖ ਵਾਪਸ ਕਰ ਦਿੱਤੇ ਜਦੋਂ ਕਿ 14 ਲੱਖ ਰੁਪਏ ਵਾਪਸ ਨਹੀਂ ਕੀਤੇ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਉਸ ਦੇ ਬੇਟੇ ਨੂੰ ਜਾਅਲੀ ਵੀਜ਼ਾ ਸਟਿੱਕਰ ਲਗਾ ਕੇ ਉਸ ਨਾਲ ਠੱਗੀ ਮਾਰੀ ਗਈ।

Advertisement

Advertisement
Author Image

Advertisement