ਸੇਬੀ ਮੁਖੀ ’ਤੇ ਦੋਸ਼ ਕਰੋੜਾਂ ਨਿਵੇਸ਼ਕਾਂ ਦੇ ਭਰੋਸੇ ਨਾਲ ਜੁੜਿਆ ਮਾਮਲਾ: ਕਾਂਗਰਸ
ਨਵੀਂ ਦਿੱਲੀ, 20 ਅਗਸਤ
ਕਾਂਗਰਸ ਨੇ ਸੇਬੀ ਦੇ ਹਾਲ ਹੀ ਵਿਚਲੇ ਵਿਵਾਦ ਦੀ ਪਿੱਠਭੂਮੀ ’ਚ ਅੱਜ ਕਿਹਾ ਕਿ ਸੇਬੀ ਪ੍ਰਧਾਨ ਦੇ ਹਿੱਤਾਂ ਦਾ ਗੰਭੀਰ ਟਕਰਾਅ ਸਾਹਮਣੇ ਆਉਣ ਨਾਲ ਇਹ ਕਰੋੜਾਂ ਨਿਵੇਸ਼ਕਾਂ ਦੇ ਵਿਸ਼ਵਾਸ ਨਾਲ ਜੁੜਿਆ ਇੱਕ ਗੰਭੀਰ ਮਾਮਲਾ ਬਣ ਜਾਂਦਾ ਹੈ। ਹਾਲ ਹੀ ’ਚ ਅਮਰੀਕੀ ਸੰਸਥਾ ਹਿੰਡਨਬਰਗ ਰਿਸਰਚ ਨੇ ਸੇਬੀ ਮੁਖੀ ਮਾਧਵੀ ਬੁੱਚ ਖ਼ਿਲਾਫ਼ ਹਿੱਤਾਂ ਦੇ ਟਕਰਾਅ ਦਾ ਦੋਸ਼ ਲਾਇਆ ਸੀ। ਮਾਧਵੀ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਕਿਹਾ, ‘ਹਾਲ ਹੀ ’ਚ ਜਾਰੀ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਯੂਨੀਕ ਪੈਨ ਨਾਲ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਯੂਨੀਕ ਰਜਿਸਟਰਡ ਨਿਵੇਸ਼ਕ ਆਧਾਰ 10 ਕਰੋੜ ਤੋਂ ਵੱਧ ਹੋ ਗਿਆ ਹੈ। ਇਸ ਦਾ ਅਰਥ ਇਹ ਕੱਢਿਆ ਜਾ ਸਕਦਾ ਹੈ ਕਿ ਵਿੱਤੀ ਬਾਜ਼ਾਰਾਂ ’ਚ ਇਮਾਨਦਾਰੀ ਤੇ ਪਾਰਦਰਸ਼ਤਾ ਵੱਡੀ ਤੇ ਵਧਦੀ ਗਿਣਤੀ ’ਚ ਭਾਰਤੀਆਂ ਤੇ ਖਾਸ ਤੌਰ ’ਤੇ ਨੌਜਵਾਨਾਂ ਲਈ ਮਾਇਨੇ ਰੱਖਦੀ ਹੈ।’ ਉਨ੍ਹਾਂ ਕਿਹਾ ਕਿ ਐੱਨਐੱਸਈ ਅਨੁਸਾਰ ਇਨ੍ਹਾਂ ਨਿਵੇਸ਼ਕਾਂ ਦੀ ਔਸਤ ਉਮਰ 32 ਸਾਲ ਹੈ ਅਤੇ ਸਾਰੇ ਨਿਵੇਸ਼ਕਾਂ ’ਚੋਂ 40 ਫੀਸਦ 30 ਸਾਲ ਤੋਂ ਘੱਟ ਉਮਰ ਦੇ ਹਨ। ਰਮੇਸ਼ ਨੇ ਕਿਹਾ, ‘ਵਿੱਤੀ ਬਾਜ਼ਾਰ ਇਸ ਧਾਰਨਾ ਤਹਿਤ ਕੰਮ ਕਰਦੇ ਹਨ ਕਿ ਰੈਗੂਲੇਟਰ ਨਿਰਪੱਖ ਢੰਗ ਨਾਲ ਕੰਮ ਕਰਨਗੇ ਤੇ ਕੰਪਨੀਆਂ ਨਿਯਮਾਂ ਅਨੁਸਾਰ ਚੱਲਣਗੀਆਂ। -ਪੀਟੀਆਈ
ਅਡਾਨੀ ਮਾਮਲੇ ’ਚ ਅੱਜ ਪ੍ਰੈੱਸ ਕਾਨਫਰੰਸਾਂ ਕਰੇਗੀ ਕਾਂਗਰਸ
ਅਡਾਨੀ ਮੁੱਦੇ ’ਤੇ ਵਿਰੋਧ ਤੇਜ਼ ਕਰਦਿਆਂ ਕਾਂਗਰਸ ਨੇ ਅੱਜ ਕਿਹਾ ਕਿ ਉਹ ਇਸ ਮਾਮਲੇ ’ਚ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਦੀ ਲੋੜ ਨੂੰ ਉਭਾਰਨ ਲਈ 21 ਅਗਸਤ ਨੂੰ ਦੇਸ਼ ਭਰ ’ਚ 20 ਪ੍ਰੈੱਸ ਕਾਨਫਰੰਸਾਂ ਕਰੇਗੀ ਜਿਸ ਦਾ ਦੇਸ਼ ਦੇ ਅਰਥਚਾਰੇ ’ਤੇ ਵੱਡਾ ਪ੍ਰਭਾਵ ਪਵੇਗਾ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ‘ਭਲਕੇ ਕਾਂਗਰਸ ਮੋਦਾਨੀ ਮਹਾਘੁਟਾਲੇ ’ਚ ਜੇਪੀਸੀ ਦੀ ਲੋੜ ਨੂੰ ਉਭਾਰਤ ਲਈ ਦੇਸ਼ ਭਰ ’ਚ 20 ਪ੍ਰੈੱਸ ਕਾਨਫਰੰਸਾਂ ਕਰੇਗੀ ਜਿਸ ਦਾ ਅਰਥਚਾਰੇ ਤੇ ਕਰੋੜਾਂ ਛੋਟੇ ਨਿਵੇਸ਼ਾਂ ’ਤੇ ਵੱਡਾ ਪ੍ਰਭਾਵ ਪਵੇਗਾ ਜਿਨ੍ਹਾਂ ਲਈ ਪੂੰਜੀ ਬਾਜ਼ਾਰ ਰੈਗੂਲੇਟਰਾਂ ਦੀ ਅਖੰਡਤਾ ਅਹਿਮ ਹੈ।’