‘ਆਪ’ ਆਗੂ ਉੱਤੇ ਕੌਂਸਲਰ ਦੀ ਮੋਹਰ ਵਰਤਣ ਦਾ ਦੋਸ਼
ਗਗਨਦੀਪ ਅਰੋੜਾ
ਲੁਧਿਆਣਾ, 29 ਜੁਲਾਈ
ਆਮ ਆਦਮੀ ਪਾਰਟੀ ਦੇ ਆਗੂ ਬਿਨਾਂ ਚੋਣ ਲੜੇ ਹੀ ਸ਼ਹਿਰ ਦੇ ਸਰਕਾਰੀ ਕਾਗਜ਼ਾਂ ’ਤੇ ਕੌਂਸਲਰ ਦੀ ਮੋਹਰ ਲਾਉਣ ਲੱਗੇ ਹਨ। ਇਹ ਦੋਸ਼ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਤੇ ਸਾਬਕਾ ਕੌਂਸਲਰ ਮਮਤਾ ਆਸ਼ੂ ਨੇ ਲਾਏ ਹਨ। ਉਹ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨਾਲ ਮੁਲਾਕਾਤ ਕਰਨ ਲਈ ਪੁੱਜੇ। ਉਨ੍ਹਾਂ ਨਾਲ ਸਾਬਕਾ ਮੇਅਰ ਬਲਕਾਰ ਸਿੰਘ ਸੰਧੂ ਸਣੇ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਨ ਸਮੇਂ ਉਨ੍ਹਾਂ ਨੇ ਆਪਣੇ ਵਾਰਡ ਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਡੀਸੀ ਨੂੰ ਜਾਣੂ ਕਰਵਾਇਆ। ਕਾਂਗਰਸ ਦੇ ਸਾਬਕਾ ਕੌਂਸਲਰ ਮਮਤਾ ਆਸ਼ੂ ਨੇ ਦੱਸਿਆ ਕਿ ਅੱਜ ਸ਼ਹਿਰ ਦੇ ਕੁਝ ਮੁੱਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਸਾਹਮਣੇ ਰੱਖੇ ਗਏ ਹਨ। ਆਮ ਆਦਮੀ ਪਾਰਟੀ ਦੇ ਕੁਝ ਆਗੂ ਆਪਮੁਹਾਰੇ ਨਾਂ ਅੱਗੇ ਕੌਂਸਲਰ ਲਿਖ ਕੇ ਨਿਗਮ ਦੇ ਕਾਗਜ਼ਾਂ ’ਤੇ ਆਪਣੀ ਮੋਹਰ ਲਾ ਰਹੇ ਹਨ।
ਸਾਬਕਾ ਕੌਂਸਲਰ ਮਮਤਾ ਆਸ਼ੂ ਨੇ ਕਿਹਾ ਕਿ ਵਾਰਡ ਨੰਬਰ 64 ਦਾ ਇੱਕ ਅਜਿਹਾ ਨੇਤਾ ਹੈ, ਜੋ ਸਰਕਾਰੀ ਕਾਗਜ਼ਾਂ ’ਤੇ ਮੋਹਰ ਲਾ ਰਿਹਾ ਹੈ। ਕੁਝ ਆਗੂ ਆਖ ਰਹੇ ਹਨ ਕਿ ਉਨ੍ਹਾਂ ਨੇ ਕੌਂਸਲਰ ਤੋਂ ਆਪਣੀ ਮੋਹਰ ਲਗਵਾਈ ਹੈ। ਮਮਤਾ ਆਸ਼ੂ ਨੇ ਕਿਹਾ ਕਿ ਜਦੋਂ ਉਹ ਕੌਂਸਲਰ ਹੈ ਹੀ ਨਹੀਂ ਹਨ ਤਾਂ ਮੋਹਰ ਕਿਵੇਂ ਲਾ ਸਕਦੇ ਹਨ। ਲੁਧਿਆਣਾ ਨਿਗਮ ਨੇ ਪ੍ਰਾਪਰਟੀ ਟੈਕਸ ’ਤੇ ਇੱਕ ਨਵਾਂ ਕਾਲਮ ਜੋੜ ਦਿੱਤਾ ਹੈ ਜਿਸਦਾ ਨਾਮ ਕੈਂਸਰ ਸੈੱਸ ਬਕਾਇਆ ਰੱਖਿਆ ਗਿਆ ਹੈ। ਗਰੀਬ ਲੋਕਾਂ ਦੇ ਨਾਲ ਲੁੱਟ ਕੀਤੀ ਜਾ ਰਹੀ ਹੈ। ਲੁਧਿਆਣਾ ਨਗਰ ਨਿਗਮ ਅਤੇ ਅਧਿਕਾਰੀਆਂ ਦੀ ਗਲਤੀ ਲੋਕਾਂ ਨੂੰ ਭੁਗਤਣੀ ਪੈ ਰਹੀ ਹੈ। ਕਾਉ ਸੈਸ ਦੇ 15 ਕਰੋੜ ਕਿੱਥੇ ਗਏ, ਉਸਦਾ ਵੀ ਹਿਸਾਬ ਅਧਿਕਾਰੀ ਨਹੀਂ ਦੇ ਸਕੇ। ਅਜਿਹੇ ਵੀ ਮਾਮਲੇ ਸਾਹਮਣੇ ਆਏ ਹਨ ਕਿ ਨਿਗਮ ਦੇ ਮੁਲਾਜ਼ਮ ਨਾ ਹੁੰਦੇ ਹੋਏ ਵੀ ਉਨ੍ਹਾਂ ਦੇ ਖਾਤੇ ’ਚ ਪੈਸੇ ਜਾ ਰਹੇ ਹਨ। ਸੀਨੀਅਰ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਹ ਗਲਤ ਕੰਮ ਨਿਗਮ ’ਚ ਚੱਲ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।