ਪੁਲੀਸ ਮੁਲਾਜ਼ਮਾਂ ’ਤੇ ਲੜਕੀ ਦੀ ਨਾਜਾਇਜ਼ ਕੁੱਟਮਾਰ ਦਾ ਦੋਸ਼
ਪਰਮਜੀਤ ਸਿੰਘ
ਫਾਜ਼ਿਲਕਾ, 21 ਨਵੰਬਰ
ਸਦਰ ਫਾਜ਼ਿਲਕਾ ਪੁਲੀਸ ਦੇ ਕੁਝ ਮੁਲਾਜ਼ਮਾਂ ’ਤੇ ਲੜਕੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕੁੱਟਮਾਰ ਕਰਨ ਅਤੇ ਨਾਜਾਇਜ਼ ਤੌਰ ’ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਇੱਥੇ ਸਿਵਲ ਹਸਪਤਾਲ ਵਿੱਚ ਪਿੰਡ ਮਿਆਣੀ ਦੀ ਜ਼ੇਰੇ ਇਲਾਜ ਪੀੜਤ ਲੜਕੀ ਸੋਮਾ ਰਾਣੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 12 ਨਵੰਬਰ ਨੂੰ ਰਾਤ ਨੂੰ ਉਨ੍ਹਾਂ ਦੇ ਘਰ ਪੁਲੀਸ ਮੁਲਾਜ਼ਮ ਆਏ। ਉਨ੍ਹਾਂ ਵੱਲੋਂ ਉਨ੍ਹਾਂ ’ਤੇ ਨਾਜਾਇਜ਼ ਰੇਤ ਮਾਈਨਿੰਗ ਕਰਨ ਦਾ ਦੋਸ਼ ਲਗਾਇਆ ਗਿਆ, ਜਦੋਂ ਉਨ੍ਹਾਂ ਨੇ ਪੁਲੀਸ ਵਾਲਿਆਂ ਨੂੰ ਰੇਤ ਦੀ ਪਰਚੀ ਦਿਖਾਉਣੀ ਚਾਹੀ ਤਾਂ ਉਨ੍ਹਾਂ ਕੋਈ ਗੱਲ ਨਾ ਸੁਣੀ। ਲੜਕੀ ਨੇ ਦੋਸ਼ ਲਗਾਇਆ ਕਿ ਪੁਲੀਸ ਮੁਲਾਜ਼ਮਾਂ ਵੱਲੋਂ ਪਹਿਲਾਂ ਉਸ ਨਾਲ ਬਦਸਲੂਕੀ ਕੀਤੀ ਗਈ ਮਗਰੋਂ ਉਸ ਦੀ ਕੁੱਟਮਾਰ ਕੀਤੀ ਗਈ। ਉਨ੍ਹਾਂ ਕਿਹਾ ਕਿ ਹਫਤਾ ਬੀਤ ਜਾਣ ਦੇ ਬਾਵਜੂਦ ਉਸ ਦੇ ਬਿਆਨ ਤੱਕ ਦਰਜ ਨਹੀਂ ਕੀਤੇ ਗਏ, ਉਲਟਾ ਉਨ੍ਹਾਂ ਦੇ ਪੰਜ ਜੀਆਂ ਖ਼ਿਲਾਫ਼ ਨਾਜਾਇਜ਼ ਰੇਤ ਮਾਈਨਿੰਗ ਦਾ ਕੇਸ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਸਰਵ ਭਾਰਤ ਨੌਜਵਾਨ ਸਭਾ ਦੀ ਬਲਾਕ ਕਮੇਟੀ ਵੱਲੋਂ ਥਾਣਾ ਸਦਰ ਦੀ ਐੱਸਐੱਚਓ ਸ਼ਿਮਲਾ ਰਾਣੀ ਦੇ ਪੁਤਲੇ ਫੂਕਣ ਦਾ ਐਲਾਨ ਕੀਤਾ ਗਿਆ ਹੈ। ਨੌਜਵਾਨ ਆਗੂ ਸ਼ੁਬੇਗ ਝੰਗੜਭੈਣੀ ਅਤੇ ਗੁਰਦਿਆਲ ਸਿੰਘ ਨੇ ਕਿਹਾ ਕਿ ਜੇ ਲੜਕੀ ਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ ਉਹ ਸੰਘਰਸ਼ ਕਰਨਗੇ
ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਾਂਗੇ: ਡੀਐੱਸਪੀ
ਡੀਐੱਸਪੀ ਫਾਜ਼ਿਲਕਾ ਤਰਸੇਮ ਮਸੀਹ ਨੇ ਕਿਹਾ ਕਿ ਜੇ ਪੁਲੀਸ ਮੁਲਾਜ਼ਮਾਂ ਵੱਲੋਂ ਲੜਕੀ ਦੀ ਕੁੱਟਮਾਰ ਕੀਤੀ ਗਈ ਹੈ ਤਾਂ ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।