ਆੜ੍ਹਤੀ ਖ਼ਿਲਾਫ਼ ਸਾਥੀਆਂ ਨਾਲ ਰਲ ਕੇ ਜ਼ਮੀਨ ’ਤੇ ਕਬਜ਼ੇ ਦਾ ਦੋਸ਼
ਪੱਤਰ ਪ੍ਰੇਰਕ
ਬਨੂੜ, 24 ਜੁਲਾਈ
ਸ਼ਹਿਰ ਦੇ ਵਾਰਡ ਨੰਬਰ ਛੇ ਦੀ ਵਸਨੀਕ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਸਮਾਜਿਕ ਮੁੱਦਿਆਂ ਖ਼ਿਲਾਫ਼ ਕਾਨੂੰਨੀ ਲੜਾਈ ਲਈ ਜਾਣੀ ਜਾਂਦੀ ਐਡਵੋਕੇਟ ਸੁਨੈਨਾ ਥੰਮਣ ਨੇ ਸ਼ਹਿਰ ਦੇ ਇੱਕ ਆੜ੍ਹਤੀ ਅਤੇ ਹੋਰਨਾਂ ਉੱਤੇ ਉਸ ਦੇ ਪਿਤਾ ਵੱਲੋਂ ਖਰੀਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਨ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਸਥਾਨਕ ਪੁਲੀਸ ’ਤੇ ਵੀ ਬਣਦੀ ਕਾਰਵਾਈ ਨਾ ਕੀਤੇ ਜਾਣ ਦੀ ਗੱਲ ਆਖੀ ਹੈ। ਆਪਣੇ ਦਫਤਰ ਵਿੱਚ ਸੱਦੀ ਗਈ ਪ੍ਰੈੱਸ ਕਾਨਫਰੰਸ ਵਿੱਚ ਐਡਵੋਕੇਟ ਸੁਨੈਨਾ ਥੰਮਣ ਨੇ ਕਿਹਾ ਕਿ ਸਬੰਧਿਤ ਆੜ੍ਹਤੀ ਅਤੇ ਇੱਕ ਠੇਕੇਦਾਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਦੀ ਜ਼ਮੀਨ ’ਤੇ ਕਬਜ਼ਾ ਕਰਨ ਲਈ ਪਿੱਲਰ ਗੱਡ ਦਿੱਤੇ। ਉਨ੍ਹਾਂ ਖੇਤ ਵਿੱਚ ਬੀਜੀ ਗਈ ਚਰੀ ਨੂੰ ਵੀ ਵਾਹ ਦਿੱਤਾ।
ਉਨ੍ਹਾਂ ਕਿਹਾ ਕਿ ਜਦੋਂ ਉਹ ਅਤੇ ਉਸ ਦਾ ਭਰਾ ਮੌਕੇ ’ਤੇ ਪਹੁੰਚੇ ਤਾਂ ਆੜ੍ਹਤੀ ਪਰਮਜੀਤ ਬਿੱਟੂ ਪਾਸੀ ਤੇ ਕਿਸ਼ੋਰ ਕੁਮਾਰ ਨੇ ਉਸ ਨੂੰ ਗਾਲਾਂ ਕੱਢੀਆਂ ਤੇ ਧਮਕੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲੀਸ ਮੌਕੇ ਤੇ ਵੀ ਪਹੁੰਚੀ ਅਤੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਡੀਜੀਪੀ ਅਤੇ ਐਸਐਸਪੀ ਨੂੰ ਸਾਰੇ ਮਾਮਲੇ ਦੀ ਲਿਖਤੀ ਸ਼ਿਕਾਇਤ ਭੇਜੀ ਗਈ ਹੈ। ਆੜ੍ਹਤੀ ਪਰਮਜੀਤ ਪਾਸੀ ਅਤੇ ਠੇਕੇਦਾਰ ਕਿਸ਼ੋਰ ਕੁਮਾਰ ਨੇ ਮਹਿਲਾ ਵਕੀਲ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਸ ਜ਼ਮੀਨ ਦੀ ਰਜਿਸਟਰੀ ਉਨ੍ਹਾਂ ਦੇ ਨਾਂ ’ਤੇ ਹੈ ਅਤੇ ਇਸ ਵਿੱਚ ਪਹਿਲਾਂ ਹੀ ਪਿੱਲਰ ਤੇ ਤਾਰ ਲੱਗੀ ਹੋਈ ਸੀ। ਉਨ੍ਹਾਂ ਕਿਹਾ ਕਿ ਸੁਨੈਨਾ ਥੱਮਣ ਨੇ ਉਨ੍ਹਾਂ ਨੂੰ ਵੱਧ ਘਟ ਬੋਲਿਆ। ਥਾਣਾ ਮੁਖੀ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਨੇ ਦੱਸਿਆ ਕਿ ਦੋਵੇਂ ਪਾਰਟੀਆਂ ਵੱਲੋਂ ਸ਼ਿਕਾਇਤ ਕੀਤੀ ਗਈ ਹੈ। ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।