ਲੇਖਾ
ਸਤਪਾਲ ਸਿੰਘ ਦਿਓਲ
ਪਿੰਡ ਵਿਚ ਉਸ ਦਾ ਨਾਮ ਸਿੱਧਰਾ ਪਿਆ ਹੋਇਆ ਸੀ। ਉਹ ਪੰਜ ਕੁ ਜਮਾਤਾਂ ਪਾਸ ਕਰ ਕੇ ਦਿਹਾੜੀ ਮਜ਼ਦੂਰੀ ਦਾ ਕੰਮ ਕਰਨ ਲੱਗ ਪਿਆ ਸੀ। ਪਾਕਿਸਤਾਨ ਤੋਂ ਉਜਾੜੇ ਸਮੇਂ ਉਸ ਦਾ ਪਿਤਾ ਆਪਣਾ ਘਰ ਬਾਰ ਛੱਡ ਕੇ ਮਾਲਵੇ ਵਿਚ ਆਬਾਦ ਹੋ ਗਿਆ ਸੀ। ਪਾਕਿਸਤਾਨ ਵਿਚ ਉਨ੍ਹਾਂ ਦੇ ਹਿੱਸੇ ਦੀ ਜ਼ਮੀਨ ਬਦਲੇ ਉਸ ਦੇ ਤਾਏ ਨੇ ਕਿਸੇ ਤਰੀਕੇ ਨਾਲ ਆਪਣੇ ਨਾਮ ਅਲਾਟ ਕਰਾ ਲਈ ਸੀ। ਇਸ ਲਈ ਉਹ ਪਿੰਡ ਵਿਚ ਬੇਜ਼ਮੀਨੇ ਜੱਟ ਅਖਵਾਉਂਦੇ ਸੀ। ਉਨ੍ਹਾਂ ਦੇ ਪਰਿਵਾਰ ਨਾਲ ਕਿਸੇ ਨੂੰ ਕੋਈ ਹਮਦਰਦੀ ਨਹੀਂ ਹੁੰਦੀ ਸੀ ਬਲਕਿ ਲੋਕ ਉਸ ਨੂੰ ਜ਼ਮੀਨ ਨਾ ਹੋਣ ਦਾ ਦੋਸ਼ੀ ਸਮਝਦੇ ਸਨ। ਹਰ ਕੋਈ ਸਿੱਧਰਾ ਸਮਝ ਕੇ ਉਸ ਨੂੰ ਮਜ਼ਾਕ ਕਰ ਕੇ ਲੰਘਦਾ। ਉਹ ਖੇਤਾਂ ਵਿਚ ਕੰਮ ਕਰ ਕੇ ਵੀ ਕਿਸੇ ਤੋਂ ਦਿਹਾੜੀ ਨਾ ਮੰਗਦਾ। ਮਾਂ ਬਾਪ ਦੀ ਮੌਤ ਤੋਂ ਬਾਅਦ ਉਹ ਇੱਕ ਖਣ ਦੇ ਕੋਠੇ ਵਿਚ ਇਕੱਲਾ ਰਹਿੰਦਾ ਸੀ। ਜਿ਼ੰਦਗੀ ਵਿਚ ਉਹਦੇ ਕੋਲ ਗੁਆਉਣ ਲਈ ਕੁਝ ਵੀ ਨਹੀਂ ਸੀ। ਪਿੰਡ ਵਿਚ ਉਸ ਕੋਲੋਂ ਕੰਮ ਕਰਾਉਣ ਵਾਲੇ ਕੁਝ ਸ਼ਰਾਰਤੀ ਲੋਕ ਉਹਨੂੰ ਨਸ਼ਾ ਕਰਵਾ ਦਿੰਦੇ ਪਰ ਉਹ ਇਸ ਦਾ ਆਦੀ ਨਹੀਂ ਸੀ।
ਉਸ ਦਾ ਹਮਉਮਰ ਮੇਜਰ ਉਹਦੇ ਨਾਲ ਪੰਜਵੀਂ ਤੱਕ ਪੜ੍ਹਿਆ ਸੀ। ਮੇਜਰ ਕੋਲ ਜੱਦੀ ਜ਼ਮੀਨ ਸੀ। ਉਹ ਮੇਜਰ ਨਾਲ ਖੇਤਾਂ ਵਿਚ ਕੰਮ ਕਰਾਉਂਦਾ ਰਹਿੰਦਾ। ਮੇਜਰ ਦੇ ਘਰੋਂ ਵੇਲੇ ਕੁਵੇਲੇ ਰੋਟੀ ਵੀ ਖਾ ਜਾਂਦਾ, ਕਦੇ ਵੀ ਮੇਜਰ ਨਾਲ ਹਿਸਾਬ ਕਿਤਾਬ ਨਾ ਰੱਖਦਾ। ਕਈ ਵਾਰ ਉਹ ਬਹੁਤ ਗਿਆਨ ਦੀਆਂ ਗੱਲਾਂ ਵੀ ਕਰ ਜਾਂਦਾ, ਸ਼ਾਇਦ ਇਸ ਕਰ ਕੇ ਮੇਜਰ ਨੇ ਉਸ ਦਾ ਦਾ ਨਾਮ ਫ਼ੱਕਰ ਰੱਖ ਦਿੱਤਾ ਸੀ। ਸੱਚਮੁੱਚ ਹੀ ਉਹ ਫ਼ੱਕਰ ਸੁਭਾਅ ਹੋਣ ਕਰ ਕੇ ਫ਼ੱਕਰ ਹੀ ਸੀ। ਅਗਲੀ ਪੀੜ੍ਹੀ ਲਈ ਉਹ ਫ਼ੱਕਰ ਹੋ ਗਿਆ। ਜਦੋਂ ਗੁਰਦੁਆਰੇ ਕੋਈ ਪ੍ਰੋਗਰਾਮ ਹੁੰਦਾ, ਫ਼ੱਕਰ ਬੜੇ ਚਾਅ ਨਾਲ ਜਾਂਦਾ। ਕਈ ਕਈ ਦਿਨ ਸ਼ਰਾਬ ਨੂੰ ਹੱਥ ਨਾ ਲਾਉਂਦਾ। ਮੱਥਾ ਟੇਕ ਕੇ ਔਖੇ ਤੋਂ ਔਖੇ ਕੰਮ ਦੀ ਸੇਵਾ ਕਰਦਾ। ਲੰਗਰ ਛਕ ਰਹੀਆਂ ਸੰਗਤਾਂ ਦੇ ਜੂਠੇ ਬਰਤਨ ਸਾਫ਼ ਕਰਦਾ ਰਹਿੰਦਾ। ਸਭ ਤੋਂ ਮਗਰੋਂ ਲੰਗਰ ਛਕਦਾ। ਕਈ ਵਾਰ ਤਾਂ ਹੋ ਰਹੀਆਂ ਵਿਚਾਰਾਂ ਨੂੰ ਫ਼ੱਕਰ ਬੜੇ ਗ਼ੌਰ ਨਾਲ ਸੁਣਦਾ। ਇੱਕ ਵਾਰ ਕਿਸੇ ਮਹਾਂ ਪੁਰਸ਼ ਕਹਾਉਣ ਵਾਲੇ ਨੇ ਕਿਹਾ ਕਿ “ਮਨੁੱਖਾ ਜਨਮ ਬਹੁਤ ਦੁਰਲੱਭ ਹੈ, ਹੇ ਬੰਦੇ! ਯਾਦ ਕਰ ਜਦੋਂ ਤੂੰ ਮਾਂ ਦੇ ਗਰਭ ਵਿਚ ਗੰਦਗੀ ਵਿਚ ਪੁੱਠਾ ਲਟਕਿਆ ਸੀ, ਤੂੰ ਰੱਬ ਅੱਗੇ ਤਰਲੇ ਕਰਦਾ ਸੀ ਕਿ ਏਸ ਨਰਕ ’ਚੋਂ ਕੱਢ।”
ਫ਼ੱਕਰ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਉਹਨੇ ਕੋਲ ਬੈਠੇ ਮੇਜਰ ਨੂੰ ਕਿਹਾ ਸੀ, “ਕਿੰਨਾ ਗ਼ਲਤ ਕਹਿੰਦਾ ਬਾਬਾ... ਭਲਾ ਮਾਂ ਦੀ ਕੁੱਖ ਨਰਕ ਥੋੜ੍ਹੀ ਆ, ਉਹ ਤਾਂ ਸੁਰਗ ਆ ਸੁਰਗ।” ਉਹ ਗੱਲ ਕਰਦਾ ਕਰਦਾ ਅੱਖਾਂ ਭਰ ਆਇਆ ਸੀ। ਸ਼ਾਇਦ ਆਪਣੀ ਮਾਂ ਉਸ ਨੂੰ ਯਾਦ ਆ ਗਈ ਸੀ। ਮੇਜਰ ਨੂੰ ਉਹਦੀ ਗਿਆਨ ਭਰੀ ਗੱਲ ਪ੍ਰਚਾਰ ਕਰਨ ਵਾਲੇ ਦੀਆਂ ਗੋਲ-ਮੋਲ ਗੱਲਾਂ ਤੋਂ ਕਿਤੇ ਵਜ਼ਨਦਾਰ ਜਾਪੀ ਪਰ ਕੋਲ ਬੈਠੇ ਅਧੇੜ ਬੰਦੇ ਨੇ ਦਬਕਾਉਣ ਵਾਂਗ ਕਿਹਾ ਸੀ, “ਚੁੱਪ ਕਰ ਓਏ ਸਿਧਰਿਆ! ਬਹੁਤਾ ਸਿਆਣਾ ਨਾ ਬਣ, ਬਾਬਾ ਜੀ ਤੋਂ ਵੱਡਾ ਗਿਆਨੀ ਨਹੀਂ ਤੂੰ।”
ਨੇੜੇ ਹੀ ਪਿੰਡ ਦੇ ਇੱਕ ਬੰਦੇ ਨੇ ਜ਼ਮੀਨ ਲਈ ਸਕੇ ਭਰਾ ਨੂੰ ਕਤਲ ਕਰ ਦਿੱਤਾ ਸੀ। ਸਜ਼ਾ ਕੱਟਣ ਤੋਂ ਬਾਅਦ ਉਹ ਬੰਦਾ ਧਾਰਮਿਕ ਬਿਰਤੀ ਦਾ ਹੋ ਕੇ ਧਰਮ ਦਾ ਪ੍ਰਚਾਰ ਕਰਨ ਲੱਗਾ। ਨੇੜਲੇ ਪਿੰਡਾਂ ਵਿਚ ਪੰਡਾਲ ਲਗਾ ਕੇ ਚੰਗੀ ਭੀੜ ਇਕੱਠੀ ਕਰ ਲੈਂਦਾ। ਉਹ ਚੰਗਾ ਚੜ੍ਹਾਵਾ ਉਗਰਾਹੁਣ ਲੱਗ ਪਿਆ। ਇੱਕ ਦਿਨ ਉਹਨੇ ਫ਼ੱਕਰ ਦੇ ਪਿੰਡ ਵੀ ਧਾਰਮਿਕ ਸਮਾਗਮ ਕੀਤਾ। ਕਈ ਦਿਨ ਸੇਵਾ ਚੱਲਦੀ ਰਹੀ। ਪਿੰਡਾਂ ਵਿਚੋਂ ਉਗਰਾਹੀ ਇੱਕਠੀ ਕਰ ਕੇ ਲੰਗਰ ਲਾਏ ਗਏ। ਲੋਕ ਹਰ ਦਿਨ ਹੁੰਮ-ਹੁਮਾ ਕੇ ਪਹੁੰਚਦੇ ਤੇ ਵਿਚਾਰ ਸੁਣਦੇ। ਫ਼ੱਕਰ ਤਨਦੇਹੀ ਨਾਲ ਸੇਵਾ ਕਰਦਾ ਰਿਹਾ। ਆਖਿ਼ਰੀ ਦਿਨ ਬਾਬਾ ਜੀ ਨੇ ਕਥਾ ਕੀਤੀ, ਅਰਥ ਵੀ ਸਮਝਾਏ। ਬਾਬਾ ਜੀ ਨੇ ਕਿਹਾ, “ਮਨੁੱਖ ਪੈਸੇ ਦਾ ਘਮੰਡ ਕਰਦਾ ਹੈ, ਪਾਪ ਕਰਦਾ ਹੈ; ਭੁੱਲ ਜਾਂਦਾ ਹੈ ਪਰਮਾਤਮਾ ਤੋਂ ਕੁਝ ਵੀ ਲੁਕਿਆ ਨਹੀਂ। ਸਾਰੇ ਪਾਪਾਂ ਦਾ ਲੇਖਾ ਚਿੱਤਰਗੁਪਤ ਨੂੰ ਦੇਣਾ ਪਊ। ਇਸ ਲਈ ਹੇ ਮਨੁੱਖ! ਮਨੁੱਖਾ ਜਨਮ ਸਫਲ ਕਰਨ ਲਈ ਚੰਗੇ ਕਰਮ ਕਰ।”
ਫ਼ੱਕਰ ਨੇ ਪੰਡਾਲ ਵਿਚ ਖੜ੍ਹੇ ਹੋ ਕੇ ਕਿਹਾ, “ਬਾਬਾ ਜੀ ਚਿਤਰਗੁਪਤ ਲੇਖਾ ਸਾਡੇ ਇਕੱਲਿਆਂ ਤੋਂ ਮੰਗੂ ਜਾਂ ਫਿਰ ਥੋਡੇ ਤੋਂ ਵੀ।”
ਪੰਡਾਲ ਵਿਚ ਰੌਲਾ ਪੈ ਗਿਆ। ਲੋਕ ਕਹਿਣ ਲੱਗੇ- ਸਿਧਰੇ ਨੇ ਸ਼ਰਾਬ ਪੀਤੀ ਹੈ, ਘੋਰ ਪਾਪ ਕੀਤਾ ਹੈ, ਇਹਨੂੰ ਪੰਡਾਲ ਵਿਚੋਂ ਬਾਹਰ ਕੱਢੋ।
ਸੰਪਰਕ: 98781-70771