ਚੋਣਾਂ ’ਚ ਧੋਖਾ ਦੇਣ ਵਾਲਿਆਂ ਤੋਂ ਹਿਸਾਬ ਲਿਆ ਜਾਵੇਗਾ: ਸ਼ਰਮਾ
ਸਤਪਾਲ ਰਾਮਗੜ੍ਹੀਆ
ਪਿਹੋਵਾ, 12 ਅਕਤੂਬਰ
ਭਾਜਪਾ ਦੀ ਟਿਕਟ ’ਤੇ ਚੋਣ ਲੜਨ ਵਾਲੇ ਉਮੀਦਵਾਰ ਜੈ ਭਗਵਾਨ ਸ਼ਰਮਾ ਡੀਡੀ ਨੇ ਕਿਹਾ ਕਿ ਉਹ ਚੋਣਾਂ ਵਿੱਚ ਮਿਲੀ ਹਾਰ ਤੋਂ ਨਿਰਾਸ਼ ਨਹੀਂ ਹਨ| ਉਨ੍ਹਾਂ ਕਿਹਾ ਕਿ ਇਸ ਚੋਣ ਨਾਲ ਉਨ੍ਹਾਂ ਦਾ 58 ਹਜ਼ਾਰ ਵੋਟਰਾਂ ਵਾਲਾ ਵੱਡਾ ਪਰਿਵਾਰ ਉਨ੍ਹਾਂ ਨਾਲ ਜੁੜਿਆ ਹੋਇਆ ਹੈ। ਇਸ ਪਰਿਵਾਰ ਨੂੰ ਸੰਗਠਿਤ ਰੱਖਣਾ ਅਤੇ ਉਨ੍ਹਾਂ ਦੀ ਸਰਕਾਰ ਤੋਂ ਕੰਮ ਕਰਵਾਉਣਾ ਉਨ੍ਹਾਂ ਦੀ ਪਹਿਲ ਹੋਵੇਗੀ। ਜੈ ਭਗਵਾਨ ਸ਼ਰਮਾ ਇਕ ਨਿੱਜੀ ਪੈਲੇਸ ਵਿੱਚ ਧੰਨਵਾਦੀ ਪ੍ਰੋਗਰਾਮ ਵਿੱਚ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੇਵਾ ਕਰਨ ਲਈ ਕਿਸੇ ਅਹੁਦੇ ਦੀ ਲੋੜ ਨਹੀਂ ਹੈ। ਉਹ ਮੁੱਖ ਮੰਤਰੀ ਨਾਇਬ ਸੈਣੀ ਦੇ ਨੁਮਾਇੰਦੇ ਬਣ ਕੇ ਲੋਕਾਂ ਦੇ ਹਿੱਤਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣਗੇ ਅਤੇ ਉਨ੍ਹਾਂ ਦਾ ਹੱਲ ਕਰਵਾਉਣਗੇ। ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਤੋਂ ਪਾਰਟੀ ਲਈ ਕੰਮ ਕਰਨ ਤੋਂ ਬਾਅਦ ਚੋਣਾਂ ਸਮੇਂ ਧੋਖਾਧੜੀ ਕਰਨ ਵਾਲਿਆਂ ਦਾ ਹਿਸਾਬ ਲਿਆ ਜਾਵੇਗਾ। ਅਜਿਹੇ ਕਰਮਚਾਰੀਆਂ, ਅਧਿਕਾਰੀਆਂ ਅਤੇ ਠੇਕੇਦਾਰਾਂ ’ਤੇ ਵੀ ਨਜ਼ਰ ਰੱਖੀ ਜਾਵੇਗੀ, ਜਿਨ੍ਹਾਂ ਨੇ ਜਨਤਾ ਨੂੰ ਲੁੱਟ ਕੇ ਆਪਣਾ ਘਰ ਭਰਿਆ ਹੈ। ਚੋਣਾਂ ਵਿੱਚ ਧੋਖਾ ਦੇ ਕੇ ਪਿੱਠ ਵਿੱਚ ਛੁਰਾ ਮਾਰਨ ਵਾਲਿਆਂ ਦਾ ਵੀ ਇਲਾਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਲਈ ਕੰਮ ਕਰਨ ਵਾਲੇ ਲੋਕਾਂ ਨੂੰ ਭਾਜਪਾ ਦੇ ਝੰਡੇ ਹੇਠ ਆਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਉਹ ਕਾਂਗਰਸ ਵਿਚ ਹੀ ਰਹਿਣ। ਭਾਜਪਾ ਵਰਕਰਾਂ ਨੂੰ ਵੀ ਅਜਿਹੇ ਲੋਕਾਂ ਦੀਆਂ ਸਿਫ਼ਾਰਸ਼ਾਂ ਲੈ ਕੇ ਨਹੀਂ ਆਉਣਾ ਚਾਹੀਦਾ। ਇਸ ਮੌਕੇ ਯੂਥ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰੂਬਲ ਸ਼ਰਮਾ, ਚੇਅਰਪਰਸਨ ਕੰਵਲਜੀਤ ਕੌਰ, ਰਾਕੇਸ਼ ਪੁਰੋਹਿਤ, ਸਾਧੂ ਸੈਣੀ, ਤਰਨਦੀਪ ਵੜੈਚ, ਰਾਮਧਾਰੀ ਸ਼ਰਮਾ, ਵਿਨੋਦ ਡੋਲੀਆ, ਨਗਰ ਨਿਗਮ ਦੇ ਚੇਅਰਮੈਨ ਅਸ਼ੀਸ਼ ਚੱਕਰਪਾਣੀ ਹਾਜ਼ਰ ਸਨ।