ਖਾਤਾਧਾਰਕ ਹੁਣ ਦੁਕਾਨਦਾਰਾਂ ਤੋਂ ਵੀ ਲੈ ਸਕਣਗੇ ਨਕਦੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਫਰਵਰੀ
ਬੈਂਕ ਖਾਤਾਧਾਰਕ ਹੁਣ ਨੇੜਲੇ ਦੁਕਾਨਦਾਰ ਤੋਂ ਵੀ ਨਕਦੀ ਪ੍ਰਾਪਤ ਕਰ ਸਕਣਗੇ। ਇਸ ਲਈ ਖਾਤਾਧਾਰਕ ਨੂੰ ਏਟੀਐੱਮ ਦੀ ਲੋੜ ਵੀ ਨਹੀਂ ਪਵੇਗੀ। ਇਸ ਲਈ ਇਕ ਸਮਾਰਟ ਫੋਨ ਲੋੜੀਂਦਾ ਹੋਵੇਗਾ। ਇਸ ਨਵੀ ਪ੍ਰਣਾਲੀ ਦਾ ਉਦੇਸ਼ ਹਾਰਡਵੇਅਰ ਦੀ ਵਰਤੋਂ ਨੂੰ ਖਤਮ ਕਰਨਾ ਹੈ ਜਿਸ ਤਹਿਤ ਖਾਤਾਧਾਰਕ ਨੂੰ ਏਟੀਐੱਮ, ਆਧਾਰ ਇਨੇਬਲਡ ਪੇਮੈਂਟ ਸਿਸਟਮ (ਏਈਪੀਐਸ), ਮਾਈਕਰੋ-ਏਟੀਐੱਮ ਜਾਂ ਪੀਓਐੱਸ ਮਸ਼ੀਨ ਦੀ ਲੋੜ ਨਹੀਂ ਪਵੇਗੀ।
ਖਾਤਾਧਾਰਕ ਜਦੋਂ ਮੋਬਾਈਲ ਬੈਂਕਿੰਗ ਐਪ ਜ਼ਰੀਏ ਨਕਦ ਨਿਕਾਸੀ ਦੀ ਬੇਨਤੀ ਭੇਜਦਾ ਹੈ ਤਾਂ ਬੈਂਕ ਵੱਲੋਂ ਇਕ ਓਟੀਪੀ ਜਨਰੇਟ ਕੀਤਾ ਜਾਂਦਾ ਹੈ। ਗਾਹਕ ਹੁਣ ਇਸ ਓਟੀਪੀ ਨੂੰ ਕਿਸੇ ਨੇੜਲੇ ਭਾਈਵਾਲ ਵਪਾਰੀ ਕੋਲ ਲਿਜਾ ਸਕੇਗਾ ਜੋ ਓਟੀਪੀ ਨੂੰ ਆਪਣੇ ਫੋਨ ਸੌਫਟਵੇਅਰ ’ਚ ਫੀਡ ਕਰੇਗਾ ਅਤੇ ਬੈਂਕ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਗਾਹਕ ਨੂੰ ਨਕਦੀ ਸੌਂਪ ਦੇਵੇਗਾ।
ਇਹ ਪਲੇਟਫਾਰਮ ਚੰਡੀਗੜ੍ਹ ਸਥਿਤ ਫਿਨਟੈਕ ਸਟਾਰਟਅੱਪ ਪੇਅਮਾਰਟ ਇੰਡੀਆ ਪ੍ਰਾਈਵੇਟ ਲਿਮਟਿਡ ਵੱਲੋਂ ਪੇਸ਼ ਕੀਤਾ ਗਿਆ ਹੈ। ਕੰਪਨੀ ਨੇ ਦੇਸ਼ ਭਰ ’ਚ ਇਸ ਸੇਵਾ ਦੀ ਪੇਸ਼ਕਸ਼ ਕਰਦਿਆਂ ਅਜੇ ਚਾਰ ਬੈਂਕਾਂ ਆਈਡੀਬੀਆਈ ਬੈਂਕ, ਇੰਡੀਅਨ ਬੈਂਕ, ਜੰਮੂ ਅਤੇ ਕਸ਼ਮੀਰ ਬੈਂਕ ਅਤੇ ਕਰੂਰ ਵਾਇਸਿਆ ਬੈਂਕ ਦੇ ਨਾਲ ਨਾਲ ਚਾਰ ਹਜ਼ਾਰ ਵਪਾਰੀਆਂ ਨਾਲ ਸਮਝੌਤਾ ਕੀਤਾ ਹੈ। ਹਾਲਾਂਕਿ ਆਈਡੀਬੀਆਈ ਬੈਂਕ ਦੇ ਨਾਲ ਇਹ ਸੇਵਾ ਸਫਲਤਾਪੂਰਵਕ ਸ਼ੁਰੂ ਕਰ ਦਿੱਤੀ ਗਈ ਹੈ। ਕੰਪਨੀ ਜਲਦੀ ਹੀ ਦੂਜੇ ਬੈਂਕਾਂ ਨਾਲ ਵੀ ਇਸ ਨੂੰ ਪਾਇਲਟ ਪ੍ਰਾਜੈਕਟ ਦੇ ਤੌਰ ’ ਸ਼ੁਰੂ ਕਰਨ ਦੀ ਆਸ ਰੱਖਦੀ ਹੈ। ਕੰਪਨੀ ਨੂੰ ਉਮੀਦ ਹੈ ਕਿ ਅਗਲੇ ਵਿੱਤੀ ਸਾਲ ਤੋਂ ਇਸ ਨੂੰ ਦੇਸ਼ ਭਰ ’ਚ ਲਾਂਚ ਕੀਤਾ ਜਾਵੇਗਾ। ਕੰਪਨੀ ਵੱਲੋਂ ਇਸ ਸਾਲ ਦੇ ਅੰਤ ਤੱਕ 5 ਲੱਖ ਵਪਾਰੀਆਂ ਨੂੰ ਭਾਈਵਾਲ ਬਣਾਉਣ ਦੀ ਯੋਜਨਾ ਹੈ। ਪੇਅਮਾਰਟ ਇੰਡੀਆ ਦੇ ਸੰਸਥਾਪਕ ਅਤੇ ਸੀਈਓ ਅਮਿਤ ਨਾਰੰਗ ਨੇ ਕਿਹਾ ਕਿ ਇਹ ਇਕ ਤੇਜ਼ ਅਤੇ ਸਾਧਾਰਨ ਓਟੀਪੀ ਆਧਾਰਿਤ ਪ੍ਰਕਿਰਿਆ ਹੈ ਜੋ ਨਕਦ ਨਿਕਾਸੀ ਲਈ ਪੂਰੀ ਸੁਰੱਖਿਆ ਯਕੀਨੀ ਬਣਾਉਂਦੀ ਹੈ।
ਡਿਜੀਟਲ ਲੈਣ ਦੇਣ ਦੀ ਲੋਕਪ੍ਰਿਅਤਾ ਦੇ ਬਾਵਜੂਦ ਭਾਰਤ ਵਿੱਚ ਅਜੇ ਵੀ ਜ਼ਿਆਦਾਤਰ ਲੈਣ-ਦੇਣ ਨਕਦ ਰੂਪ ’ਚ ਹੁੰਦਾ ਹੈ। ਏਟੀਐੱਮ ’ਚੋਂ ਪੈਸੇ ਕਢਵਾਉਣ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਪਰ ਪੇਂਡੂ ਖੇਤਰਾਂ ਅਤੇ ਕਸਬਿਆਂ ਵਿੱਚ ਇਨ੍ਹਾਂ ਦੀ ਗਿਣਤੀ ਘੱਟ ਹੈ ਜੋ ਚਿੰਤਾ ਦਾ ਵਿਸ਼ਾ ਹੈ। ਨਾਰੰਗ ਨੇ ਕਿਹਾ ਕਿ ਵਪਾਰੀਆਂ ਨੂੰ ਹਰੇਕ ਲੈਣ-ਦੇਣ ’ਤੇ ਕਮਿਸ਼ਨ ਦੀ ਸਹੂਲਤ ਦੇ ਨਾਲ ਨਾਲ ਉਨ੍ਹਾਂ ਦੇ ਵਪਾਰਕ ਟਿਕਾਣਿਆਂ ’ਤੇ ਗਾਹਕਾਂ ਦੀ ਆਮਦ ਵਧੇਗੀ ਜਿਸ ਨਾਲ ਉਨ੍ਹਾਂ ਦੇ ਵਪਾਰ ’ਚ ਵੀ ਵਾਧਾ ਹੋਵੇਗਾ।
‘ਡਿਜੀਟਲ ਵਰਲਡ’ ਵਿੱਚ ਵੀ ਨਕਦੀ ਦੀ ਸਰਦਾਰੀ ਕਾਇਮ
ਭਾਰਤ ਦੁਨੀਆ ਦੀ ਸਭ ਤੋਂ ਵੱਡੀ ਨਕਦੀ ਅਰਥਵਿਵਸਥਾ ਹੈ ਅਤੇ ਦੁਨੀਆ ’ਚ ਸਭ ਤੋਂ ਵੱਧ ਏਟੀਐੱਮ ਦੀ ਘਾਟ ਵਾਲਾ ਦੇਸ਼ ਵੀ ਹੈ। 1.35 ਅਰਬ ਦੀ ਆਬਾਦੀ ਲਈ ਲਗਪਗ 2.2 ਲੱਖ ਏਟੀਐੱਮ ਹਨ। 30 ਲੱਖ ਕਰੋੜ ਦੀ ਕਰੰਸੀ ਦੇ ਪਸਾਰੇ ਵਿੱਚ 20,000 ਕਰੋੜ ਰੁਪਏ ਰੋਜ਼ਾਨਾ ਏਟੀਐੱਮ ’ਚੋਂ ਕਢਵਾਏ ਜਾਂਦੇ ਹਨ।