ਸਰਵਿਸ ਰੋਡਾਂ ’ਤੇ ਸਪੀਡ ਬਰੇਕਰ ਨਾ ਬਣਾਏ ਜਾਣ ਕਾਰਨ ਵਾਪਰ ਰਹੇ ਨੇ ਹਾਦਸੇ
ਕਰਮਜੀਤ ਸਿੰਘ ਚਿੱਲਾ
ਬਨੂੜ, 20 ਮਈ
ਬਨੂੜ ਸ਼ਹਿਰ ਦੀ ਹਦੂਦ ਵਿੱਚੋਂ ਲੰਘ ਰਹੇ ਕੌਮੀ ਮਾਰਗ ਦੇ ਓਵਰ ਬਰਿੱਜ ਵਿੱਚ ਬਣੇ ਹੋਏ ਲਾਘਿਆਂ ਦੇ ਆਲੇ-ਦੁਆਲੇ ਬਣੀ ਹੋਈ ਸਰਵਿਸ ਰੋਡ ਵਿੱਚ ਸਪੀਡ ਬਰੇਕਰ ਨਾ ਬਣਾਏ ਜਾਣ ਕਾਰਨ ਨਿੱਤ ਦਿਨ ਹਾਦਸੇ ਵਾਪਰ ਰਹੇ ਹਨ। ਸਰਵਿਸ ਰੋਡ ’ਤੇ ਇਹ ਸਪੀਡ ਬਰੇਕਰ ਪਿਛਲੇ ਮਹੀਨੇ ਸਰਵਿਸ ਰੋਡ ਉੱਤੇ ਨਵੇਂ ਸਿਰਿਉਂ ਵਿਛਾਈ ਗਈ ਪ੍ਰੀਮਿਕਸ ਦੌਰਾਨ ਸਾਫ਼ ਕਰ ਦਿੱਤੇ ਗਏ ਹਨ।
ਸ਼ਹਿਰ ਵਾਸੀ ਸਿਕੰਦਰ ਸਿੰਘ, ਮਿਸਤਰੀ ਅਮਰੀਕ ਸਿੰਘ, ਹਰਜੀਤ ਵਾਲੀਆ ਆਦਿ ਨੇ ਦੱਸਿਆ ਕਿ ਸਭ ਤੋਂ ਵੱਧ ਹਾਦਸੇ ਅਨਾਜ ਮੰਡੀ ਅਤੇ ਗੁੱਗਾ ਮਾੜੀ ਨੇੜੇ ਓਵਰ ਬਰਿੱਜ ਵਿੱਚ ਬਣਾਏ ਹੋਏ ਲਾਂਘੇ ਦੇ ਨੇੜੇ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਪੁਲ ਛੋਟਾ ਹੈ ਤੇ ਆਲੇ-ਦੁਆਲਿਉਂ ਕੁੱਝ ਵੀ ਦਿਖਾਈ ਨਹੀਂ ਦਿੰਦਾ। ਉਨ੍ਹਾਂ ਦੱਸਿਆ ਕਿ ਹੁਣ ਨਵੀਂ ਪ੍ਰੀਮਿਕਸ ਪਾਈ ਹੋਣ ਕਾਰਨ ਵਾਹਨ ਬਹੁਤ ਤੇਜ਼ ਆਉਂਦੇ ਹਨ ਤੇ ਪੁਲ ਦੇ ਥੱਲਿਉਂ ਲੰਘਣ ਵਾਲੇ ਵਾਹਨਾਂ ਨਾਲ ਟਕਰਾ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦੋ ਹਫ਼ਤੇ ਦੌਰਾਨ ਇੱਥੇ ਕਈ ਹਾਦਸੇ ਵਾਪਰ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਪ੍ਰੀਮਿਕਸ ਪਾਏ ਜਾਣ ਸਮੇਂ ਓਵਰ ਬਰਿੱਜ ਦੇ ਲਾਘਿਆਂ ਨੇੜੇ ਸਰਵਿਸ ਰੋਡ ਤੇ ਪਹਿਲਾਂ ਮੌਜੂਦ ਸਪੀਡ ਬਰੇਕਰ ਨੂੰ ਹਟਾਇਆ ਨਹੀਂ ਜਾਣਾ ਚਾਹੀਦਾ ਸੀ ਤੇ ਜਾਂ ਫ਼ਿਰ ਇਨ੍ਹਾਂ ਨੂੰ ਨਵੇਂ ਸਿਰੇ ਤੋਂ ਬਣਾਇਆ ਜਾਣਾ ਚਾਹੀਦਾ ਸੀ। ਇਲਾਕੇ ਦੇ ਲੋਕਾਂ ਨੇ ਕੌਮੀ ਸ਼ਾਹਰਾਹ ਅਥਾਰਿਟੀ ਦੇ ਉੱਚ ਅਧਿਕਾਰੀਆਂ ਅਤੇ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਤੇ ਓਵਰਬ੍ਰਿਜ ਨੇੜੇ ਸਰਵਿਸ ਰੋਡ ਉੱਤੇ ਦੋਵੇਂ ਪਾਸੇ ਪਹਿਲਾਂ ਵਾਂਗ ਸਪੀਡ ਬਰੇਕਰ ਬਣਾਏ ਜਾਣ ਤਾਂ ਜੋ ਹਾਦਸਿਆਂ ਤੋਂ ਬਚਾਅ ਹੋ ਸਕੇ।