ਰਾਹਤ ਕਾਰਜਾਂ ’ਚ ਲੱਗੀ ਟੀਮ ਦੀ ਕਿਸ਼ਤੀ ਨੂੰ ਹਾਦਸਾ
ਸਰਬਜੀਤ ਸਿੰਘ ਭੰਗੂ/ਮੁਖਤਿਆਰ ਸਿੰਘ ਨੌਗਾਵਾਂ
ਸਨੌਰ/ਦੇਵੀਗੜ੍ਹ, 13 ਜੁਲਾਈ
ਅੱਜ ਇਥੇ ਆਈਪੀਐੱਸ ਅਧਿਕਾਰੀ ਸਰਫ਼ਰਾਜ਼ ਆਲਮ ਅਤੇ ਡੀਐੱਸਪੀ ਗੁਰਦੇਵ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲੈ ਕੇ ਜਾ ਰਹੀ ਪੁਲੀਸ ਤੇ ਐੱਨਡੀਆਰਐਫ ਦੀ ਸੱਤਵੀਂ ਬਟਾਲੀਅਨ ਬਠਿੰਡਾ ਦੀ ਦਸ ਮੈਂਬਰੀ ਟੀਮ ਵਾਲ-ਵਾਲ ਬਚੀ ਹੈ। ਡੂੰਘੇ ਪਾਣੀ ਵਿੱਚ ਜਾ ਕੇ ਇਸ ਕਿਸ਼ਤੀ ਦੇ ਇੰਜਣ ਵਿੱਚ ਤਕਨੀਕੀ ਨੁਕਸ ਪੈਣ ਕਾਰਨ ਕਿਸ਼ਤੀ ਨਾਲ ਹਾਦਸਾ ਵਾਪਰ ਗਿਆ। ਪਾਣੀ ਦੇ ਤੇਜ਼ ਵਹਾਅ ਕਾਰਨ ਕਿਸ਼ਤੀ ਇੱਕ ਪੁਲੀ ਵੱਲ ਰੁੜ੍ਹ ਗਈ। ਕਿਸ਼ਤੀ ਪੁਲੀ ਨਾਲ ਟਕਰਾ ਕੇ ਇਸ ਦੇ ਵਿੱਚ ਹੀ ਫਸ ਗਈ। ਐੱਸਪੀ ਸਰਫ਼ਰਾਜ਼ ਆਲਮ ਤੇ ਡੀਐੱਸਪੀ ਗੁਰਦੇਵ ਸਿੰਘ ਧਾਲੀਵਾਲ ਸਣੇ ਕੁਝ ਹੋਰ ਰਾਹਤ ਕਰਮੀ ਪੁਲੀ ਵਿੱਚ ਵੱਜਣ ਕਾਰਨ ਜ਼ਖ਼ਮੀ ਹੋ ਗਏ ਹਨ। ਥਾਣਾ ਜੁਲਕਾਂ ਦੇ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਸਮੇਤ ਐੱਨਡੀਆਰਐੱਫ ਦੇ ਕੁਝ ਮੈਂਬਰ ਤਾਂ ਝਟਕਾ ਵੱਜਣ ਕਾਰਨ ਪੁਲੀ ਦੇ ਪਰਲੇ ਪਾਸੇ ਡੂੰਘੇ ਤੇ ਤੇਜ਼ ਵਾਹਅ ਵਾਲੇ ਪਾਣੀ ਵਿੱਚ ਡਿੱਗਦੇ-ਡਿੱਗਦੇ ਮਸਾਂ ਹੀ ਬਚੇ। ਫਿਰ ਇਥੋਂ ਇਨ੍ਹਾਂ ਨੂੰ ਇੱਕ ਹੋਰ ਕਿਸ਼ਤੀ ਰਾਹੀਂ ਸੁਰੱਖਿਅਤ ਬਾਹਰ ਕੱਢਿਆ ਗਿਆ। ਇਸ ਟੀਮ ਦੇ ਮੁਖੀ ਤੇ ਪਟਿਆਲਾ ਦੇ ਐੱਸਪੀ ਸਿਟੀ ਆਲਮ ਆਈਪੀਐੱਸ ਨੇ ਦੱਸਿਆ ਕਿ ਜਦੋਂ ਉਹ ਐੱਨਡੀਆਰਫ ਦੇ ਮੈਂਬਰਾਂ ਨੂੰ ਨਾਲ ਲੈ ਕੇ ਦੂਧਨਗੁੱਜਰਾਂ, ਲੇਹਲਾਂ, ਖਤੌਲੀ, ਹਰੀਨਗਰ, ਦੇਵੀਨਗਰ ਤੇ ਰੌਸ਼ਨਪੁਰ ਝੁੰਗੀਆਂ ਆਦਿ ਪਿੰਡਾਂ ’ਚ ਫਸੇ ਪਰਿਵਾਰਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਜਾ ਰਹੇ ਸਨ, ਤਾਂ ਵਿਚਕਾਰ ਜਾ ਕੇ ਉਨ੍ਹਾਂ ਦੀ ਕਿਸ਼ਤੀ ਦੇ ਇੰਜਣ ਵਿੱਚ ਨੁਕਸ ਪੈ ਗਿਆ। ਇੰਸਪੈਕਟਰ ਹਰਜਿੰਦਰ ਢਿੱਲੋਂ ਨੇ ਦੱਸਿਆ ਕਿ ਇਥੇ ਪਾਣੀ ਕਾਫ਼ੀ ਡੂੰਘਾ ਸੀ। ਡੀਐੱਸਪੀ ਗੁਰਦੇਵ ਧਾਲੀਵਾਲ ਨੇ ਕਿਹਾ ਕਿ ਘਟਨਾ ਮਗਰੋਂ ਟੀਮ ਨੇ ਹੋਰ ਕਿਸ਼ਤੀ ਰਾਹੀਂ ਪੀੜਤਾਂ ਤੱਕ ਲੋੜੀਂਦੀਆਂ ਵਸਤਾਂ ਪਹੁੰਚਦੀਆਂ ਕੀਤੀਆਂ ਹਨ। ਪਟਿਆਲਾ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ, ਡੀਸੀ ਸਾਕਸ਼ੀ ਸਾਹਨੀ ਅਤੇ ਐੱਸਐੱਸਪੀ ਵਰੁਣ ਸ਼ਰਮਾ ਨੇ ਇੱੱਕ ਬਿਆਨ ਜਾਰੀ ਕਰ ਕੇ ਇਸ ਸਾਰੀ ਟੁਕੜੀ ਦੇ ਜਜ਼ਬੇ ਅਤੇ ਹੌਸਲੇ ਦੀ ਸ਼ਲਾਘਾ ਕੀਤੀ ਹੈ।