ਹਾਦਸਾ ਜਾਂ ਲਾਪਰਵਾਹੀ?
ਮੁਹਾਲੀ ਦੇ ਸੰਘਣੇ ਸ਼ਹਿਰੀ ਇਲਾਕੇ ਸੋਹਾਣਾ ’ਚ ਸ਼ਨਿਚਰਵਾਰ ਸ਼ਾਮ ਤਿੰਨ ਮੰਜ਼ਿਲਾ ਇਮਾਰਤ ਡਿੱਗਣ ਦੀ ਘਟਨਾ, ਜਿਸ ’ਚ ਕਈ ਕੀਮਤੀ ਜਾਨਾਂ ਗਈਆਂ ਹਨ, ਨੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਮੁੱਢਲੇ ਤੌਰ ’ਤੇ ਜਾਂਚ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਇਮਾਰਤ ਦੇ ਨਾਲ ਲੱਗਦੇ ਪਲਾਟ ਨੂੰ ਉਸਾਰੀ ਦੇ ਮੰਤਵ ਨਾਲ ਪੁੱਟ ਕੇ ਡੂੰਘਾ ਕੀਤਾ ਜਾ ਰਿਹਾ ਸੀ, ਜੋ ਇਸ ਹਾਦਸੇ ਦਾ ਮੁੱਖ ਕਾਰਨ ਜਾਪਦਾ ਹੈ। ਨਗਰ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਲਾਟ ’ਚ ਖੁਦਾਈ ਦੀ ਉਨ੍ਹਾਂ ਕੋਲ ਅਗਾਊਂ ਕੋਈ ਇਜਾਜ਼ਤ ਨਹੀਂ ਲਈ ਗਈ। ਪਲਾਟ ਨੂੰ ਬੇਸਮੈਂਟ ਬਣਾਉਣ ਲਈ ਪੁੱਟਿਆ ਜਾ ਰਿਹਾ ਸੀ ਤੇ ਇਮਾਰਤ ਉਸੇ ਪਾਸੇ ਜਾ ਡਿੱਗੀ। ਜਾਂਚ ’ਚ ਖੁਲਾਸਾ ਹੋਇਆ ਹੈ ਕਿ ਡਿੱਗੀ ਇਮਾਰਤ ਤੇ ਪਲਾਟ ਦਾ ਮਾਲਕ ਇੱਕੋ ਵਿਅਕਤੀ ਹੈ ਤੇ ਜ਼ਿਆਦਾਤਰ ਇਸ ’ਚ ਕਿਰਾਏਦਾਰ ਰਹਿ ਰਹੇ ਸਨ। ਅਜਿਹਾ ਜਾਪਦਾ ਹੈ ਕਿ ਪਲਾਟ ’ਚ ਖੁਦਾਈ ਦੇ ਕਾਰਜ ਦੌਰਾਨ ਮਾਲਕ ਵੱਲੋਂ ਢੁੱਕਵੀਂ ਸਾਵਧਾਨੀ ਨਹੀਂ ਵਰਤੀ ਗਈ ਤੇ ਅਣਗਹਿਲੀ ਕੀਤੀ ਗਈ। ਐਤਵਾਰ ਸ਼ਾਮ ਤੱਕ ਦੋ ਦੇਹਾਂ ਬਰਾਮਦ ਹੋ ਚੁੱਕੀਆਂ ਸਨ ਤੇ ਹੋਰਾਂ ਦੀ ਭਾਲ ’ਚ ਮਲਬੇ ਨੂੰ ਫਰੋਲਿਆ ਜਾ ਰਿਹਾ ਸੀ। ਇਸ ਕੰਮ ’ਚ ਫ਼ੌਜ ਤੇ ਰਾਸ਼ਟਰੀ ਆਫ਼ਤ ਰਿਸਪਾਂਸ ਫੋਰਸ (ਐੱਨਡੀਆਰਐੱਫ) ਪ੍ਰਸ਼ਾਸਨ ਦੀ ਮਦਦ ਕਰ ਰਿਹਾ ਹੈ।
ਸੰਘਣੇ ਸ਼ਹਿਰੀ ਇਲਾਕੇ ’ਚ ਬਿਨਾਂ ਅਗਾਊਂ ਪ੍ਰਵਾਨਗੀ ਤੋਂ ਇਸ ਤਰ੍ਹਾਂ ਖੁਦਾਈ ਦਾ ਕਾਰਜ ਪ੍ਰਸ਼ਾਸਕੀ ਨਿਗਰਾਨੀ ਦੀ ਘਾਟ ਨੂੰ ਦਰਸਾਉਂਦਾ ਹੈ। ਮੁਹਾਲੀ ਵਰਗੇ ਸ਼ਹਿਰ ’ਚ ਖੁੰਭਾਂ ਵਾਂਗ ਉੱਭਰ ਰਹੀਆਂ ਇਮਾਰਤਾਂ ਤੇ ਬੇਲਗਾਮ ਉਸਾਰੀਆਂ ਲੋਕਾਂ ਦੀ ਜਾਨ ਨੂੰ ਜੋਖ਼ਮ ਵਿੱਚ ਪਾ ਰਹੀਆਂ ਹਨ। ਉਸਾਰੀ ਦੌਰਾਨ ਢੁੱਕਵੇਂ ਦਿਸ਼ਾ-ਨਿਰਦੇਸ਼ਾਂ ਨੂੰ ਅਣਗੌਲਿਆ ਜਾਂਦਾ ਹੈ, ਜਿਸ ਦੇ ਸਿੱਟੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਰੂਪ ਵਿੱਚ ਭੁਗਤਣੇ ਪੈਂਦੇ ਹਨ। ਤੇਜ਼ੀ ਨਾਲ ਹੋ ਰਹੇ ਸ਼ਹਿਰੀਕਰਨ ਨੂੰ ਧਿਆਨ ’ਚ ਰੱਖਦਿਆਂ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਨਿੱਗਰ ਨਿਗਰਾਨ ਤੰਤਰ ਸਥਾਪਿਤ ਕੀਤਾ ਜਾਵੇ ਤਾਂ ਕਿ ਕੋਈ ਵੀ ਲਾਲਚ ਵਸ ਨਿਯਮਾਂ ਦੀ ਉਲੰਘਣਾ ਕਰ ਕੇ ਮਨਮਾਨੀ ਨਾ ਕਰ ਸਕੇ। ਜਿਸ ਇਲਾਕੇ ’ਚ ਇਹ ਇਮਾਰਤ ਡਿੱਗੀ ਹੈ, ਕੁਝ ਸਾਲ ਪਹਿਲਾਂ ਤੱਕ ਇਹ ਮੁਹਾਲੀ ਦਾ ਇੱਕ ਪਿੰਡ ਕਹਾਉਂਦਾ ਸੀ, ਪਰ ਜਿੰਨੀ ਤੇਜ਼ੀ ਨਾਲ ਇੱਥੇ ਬਹੁਮੰਜ਼ਿਲਾ ਇਮਾਰਤਾਂ ਉਸਰੀਆਂ ਹਨ ਜਾਂ ਉਸਰ ਰਹੀਆਂ ਹਨ, ਉਹ ਨਿਗਰਾਨੀ ਦੀ ਪ੍ਰਕਿਰਿਆ ਨੂੰ ਸਵਾਲਾਂ ਦੇ ਘੇਰੇ ’ਚ ਖੜ੍ਹਾ ਕਰਦਾ ਹੈ। ਅਜਿਹੀਆਂ ਘਟਨਾਵਾਂ ਦੀ ਰੋਕਥਾਮ ਲਈ ਇਮਾਰਤ ਉਸਾਰੀ ਦੇ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਾਉਣ ਦੀ ਲੋੜ ਹੈ।
ਸਮਰੱਥ ਅਥਾਰਿਟੀ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ ਦੀ ਪੂਰੀ ਪੜਤਾਲ ਕਰ ਕੇ ਦੇਖੇ ਕਿ ਕੀ ਖੁਦਾਈ ਦੇ ਕੰਮ ਦੌਰਾਨ ਜ਼ਰੂਰੀ ਸਾਵਧਾਨੀ ਵਰਤੀ ਗਈ ਹੈ ਜਾਂ ਨਹੀਂ। ਇਸ ਤੋਂ ਬਾਅਦ ਜਵਾਬਦੇਹੀ ਤੈਅ ਕਰ ਕੇ ਲੋੜੀਂਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ। ਜ਼ਰੂਰੀ ਹੈ ਕਿ ਸੰਘਣੇ ਇਲਾਕਿਆਂ ’ਚ ਅਣਅਧਿਕਾਰਤ ਉਸਾਰੀਆਂ ਨੂੰ ਰੋਕਣ ਲਈ ਪ੍ਰਸ਼ਾਸਨ ਪੂਰੀ ਮੁਸਤੈਦੀ ਨਾਲ ਕੰਮ ਕਰੇ ਤੇ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਏ ਤਾਂ ਕਿ ਦੁਬਾਰਾ ਇਸ ਤਰ੍ਹਾਂ ਦੀ ਘਟਨਾ ਨਾ ਵਾਪਰ ਸਕੇ।