ਕਰਨੀ ਸਿੰਘ ਸ਼ੂਟਿੰਗ ਰੇਂਜ ਵਿੱਚ ਹਾਦਸਾ
ਨਵੀਂ ਦਿੱਲੀ, 4 ਦਸੰਬਰ
ਇਥੇ ਕਰਨੀ ਸਿੰਘ ਸ਼ੂਟਿੰਗ ਰੇਂਜ ਵਿੱਚ ਸ਼ਨਿਚਰਵਾਰ ਸ਼ਾਮ ਨੂੰ ਧਮਾਕਾ ਹੋ ਗਿਆ ਹੈ। ਭਾਰਤੀ ਹਵਾਈ ਸੈਨਾ ਦਾ ਅਧਿਕਾਰੀ ਪੁਸ਼ਪੇਂਦਰ ਕੁਮਾਰ ਭੋਪਾਲ ’ਚ ਚੱਲ ਰਹੀ ਨੈਸ਼ਨਲ ਚੈਂਪੀਅਨਸ਼ਿਪ ਲਈ ਸ਼ੂਟਿੰਗ ਰੇਂਜ ’ਚ ਸਿਖਲਾਈ ਲੈ ਰਿਹਾ ਸੀ ਕਿ ਬੰਦੂਕ ਦੇ ਗੈਸ ਸਿਲੰਡਰ ’ਚ ਧਮਾਕਾ ਹੋ ਗਿਆ। ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਨਾਲ ਸਬੰਧਤ ਪੁਸ਼ਪੇਂਦਰ ਨੂੰ ਹਾਦਸੇ ਤੋਂ ਤੁਰੰਤ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਥੇ ਇੱਕ ਰਾਸ਼ਟਰੀ ਕੋਚ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਜਦੋਂ ਪੁਸ਼ਪੇਂਦਰ ਮੁੱਖ ਸਿਲੰਡਰ ਤੋਂ ਪਿਸਤੌਲ ਦੇ ਸਿਲੰਡਰ ਵਿੱਚ ਕੰਪਰੈੱਸਡ ਹਵਾ ਭਰ ਰਿਹਾ ਸੀ ਤਾਂ ਇਹ ਘਟਨਾ ਵਾਪਰ ਗਈ। ਪੁਸ਼ਪੇਂਦਰ ਆਈਏਐਫ ਟੀਮ ਦਾ ਸੀਨੀਅਰ ਮੈਂਬਰ ਹੈ ਤੇ ਉਸ ਨੇ ਅੰਤਰਰਾਸ਼ਟਰੀ ਪੱਧਰ ‘ਤੇ ਕਿਸੇ ਮੁਕਾਬਲੇ ’ਚ ਹਿੱਸਾ ਨਹੀਂ ਲਿਆ। ਕੋਚ ਨੇ ਕਿਹਾ ਕਿ ਉਮੀਦ ਹੈ ਕਿ ਪੁਸ਼ਪੇਂਦਰ ਸਰਜਰੀ ਤੋਂ ਬਾਅਦ 90-95 ਫੀਸਦੀ ਠੀਕ ਹੋ ਜਾਵੇਗਾ। ਦੁੱਖ ਦੀ ਗੱਲ ਇਹ ਹੈ ਕਿ ਉਹ ਭੁਪਾਲ ’ਚ ਚੱਲ ਰਹੀ ਕੌਮੀ ਚੈਂਪੀਅਨਸ਼ਿਪ ’ਚ ਹਿੱਸਾ ਨਹੀਂ ਲੈ ਸਕੇਗਾ। ਉਸ ਦੀ ਮਾਂ ਦਾ ਅਜੇ 15-20 ਦਿਨ ਪਹਿਲਾਂ ਹੀ ਦਿਹਾਂਤ ਹੋਇਆ ਸੀ। -ਪੀਟੀਆਈ