Accident: ਬ੍ਰਾਜ਼ੀਲ: ਸੜਕ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 37 ਹੋਈ
ਮਿਨਾਸ, 21 ਦਸੰਬਰ
ਦੱਖਣੀ-ਪੂਰਬੀ ਬ੍ਰਾਜ਼ੀਲ ਦੇ ਮਿਨਾਸ ਗੇਰੇਸ ਸੂਬੇ ਵਿੱਚ ਅੱਜ ਇੱਕ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ ਜਿਸ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ ਜਿਸ ਕਾਰਨ 37 ਜਣਿਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਮਿਲੀ ਹੈ ਕਿ ਇਕ ਬੱਸ 45 ਯਾਤਰੀਆਂ ਨੂੰ ਲਿਜਾ ਰਹੀ ਸੀ ਕਿ ਉਸ ਦਾ ਟਾਇਰ ਫਟ ਗਿਆ ਤੇ ਡਰਾਈਵਰ ਆਪਣਾ ਕੰਟਰੋਲ ਖੋ ਬੈਠਾ। ਇਸ ਤੋਂ ਬਾਅਦ ਇਹ ਬੱਸ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ ਤੇ ਇਸ ਨੂੰ ਅੱਗ ਲੱਗ ਗਈ।
ਪੁਲੀਸ ਅਧਿਕਾਰੀ ਨੇ ਕਿਹਾ ਕਿ ਹਾਦਸੇ ਵਿਚ ਪਹਿਲਾਂ 24 ਯਾਤਰੀਆਂ ਦੀ ਮੌਕੇ ’ਤੇ ਮੌਤ ਹੋ ਗਈ ਸੀ ਤੇ 13 ਹੋਰਾਂ ਨੂੰ ਟੀਓਫਿਲੋ ਓਟੋਨੀ ਸ਼ਹਿਰ ਦੇ ਨੇੜੇ ਹਸਪਤਾਲਾਂ ਵਿੱਚ ਲਿਜਾਇਆ ਗਿਆ। ਇਹ ਬੱਸ ਸਾਓ ਪਾਓਲੋ ਤੋਂ ਰਵਾਨਾ ਹੋਈ ਸੀ ਅਤੇ ਇਸ ਵਿੱਚ 45 ਯਾਤਰੀ ਸਵਾਰ ਸਨ।
ਚਸ਼ਮਦੀਦਾਂ ਨੇ ਦੱਸਿਆ ਕਿ ਬੱਸ ਦਾ ਟਾਇਰ ਫਟ ਗਿਆ ਜਿਸ ਕਾਰਨ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਟਰੱਕ ਨਾਲ ਟਕਰਾ ਗਿਆ। ਇਸ ਦੌਰਾਨ ਇੱਕ ਕਾਰ ਵੀ ਬੱਸ ਨਾਲ ਟਕਰਾ ਗਈ ਪਰ ਇਸ ਵਿਚ ਸਵਾਰ ਤਿੰਨੋਂ ਜਣੇ ਵਾਲ-ਵਾਲ ਬਚ ਗਏ। ਗਵਰਨਰ ਰੋਮਿਉ ਜ਼ੇਮਾ ਨੇ ਐਕਸ ’ਤੇ ਲਿਖਿਆ ਕਿ ਉਨ੍ਹਾਂ ਪੀੜਤਾਂ ਦੀ ਸਹਾਇਤਾ ਲਈ ਸੂਬਾ ਸਰਕਾਰ ਨੂੰ ਹੁਕਮ ਜਾਰੀ ਕਰ ਦਿੱਤੇ ਹਨ।