ਐਸਕੇਲੇਟਰ ਪੁਲ ਦੇ ਉਦਘਾਟਨ ਮੌਕੇ ਹਾਦਸਾ, ਕਈ ਜ਼ਖ਼ਮੀ
ਰਤਨ ਸਿੰਘ ਢਿੱਲੋਂ
ਅੰਬਾਲਾ, 21 ਅਕਤੂਬਰ
ਸਿਵਲ ਹਸਪਤਾਲ ਅੰਬਾਲਾ ਕੈਂਟ ’ਚ ਆਉਣ ਵਾਲੇ ਹਜ਼ਾਰਾਂ ਮਰੀਜ਼ਾਂ ਦੀ ਸਹੂਲਤ ਲਈ ਜਗਾਧਰੀ ਰੋਡ ’ਤੇ ਬਣਾਏ ਐਸਕੇਲੇਟਰ ਫੁੱਟ ਬ੍ਰਿਜ ਦੇ ਅੱਜ ਉਦਘਾਟਨ ਮੌਕੇ ਕਈ ਜਣੇ ਡਿੱਗ ਗਏ। ਹਾਦਸੇ ਵਿੱਚ ਐੱਸਡੀਐੱਮ ਸਤਿੰਦਰ ਸਿਵਾਚ ਅਤੇ ਉਨ੍ਹਾਂ ਦੇ ਗੰਨਮੈਨ ਵਿਜੇਂਦਰ ਕੁਮਾਰ ਦੇ ਮਾਮੂਲੀ ਸੱਟਾਂ ਲੱਗੀਆਂ ਹਨ।
ਇਨ੍ਹਾਂ ਤੋਂ ਇਲਾਵਾ ਰਮਨ ਅਗਰਵਾਲ, ਰਾਕੇਸ਼ ਰਾਮ, ਸੁਨੀਲ ਅਗਰਵਾਲ, ਸੱਤ ਪ੍ਰਕਾਸ਼, ਜੀਤੋ ਦੇਵੀ, ਮਹੇਸ਼ ਗੁਪਤਾ ਅਤੇ ਪੰਕਜ ਵੀ ਡਿੱਗ ਕੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਹਾਦਸਾ ਐਸਕੇਲੇਟਰ ਤੋਂ ਹੇਠਾਂ ਆਉਂਦੇ ਸਮੇਂ ਵਾਪਰਿਆ। ਇਸ ਪੁਲ ਦਾ ਉਦਘਾਟਨ ਕਰਨ ਲਈ ਕੈਬਨਿਟ ਮੰਤਰੀ ਅਨਿਲ ਵਿੱਜ ਪਹੁੰਚੇ ਹੋਏ ਸਨ ਅਤੇ ਉਹ ਰਿਬਨ ਕੱਟ ਕੇ ਪੁਲ ਦਾ ਮੁਆਇਨਾ ਕਰ ਰਹੇ ਸਨ। ਮੁਆਇਨੇ ਤੋਂ ਬਾਅਦ ਉਹ ਹੇਠਾਂ ਉਤਰਨ ਲੱਗੇ। ਉਨ੍ਹਾਂ ਦੇ ਪਿੱਛੇ ਸੁਰੱਖਿਆ ਵਿੱਚ ਤਾਇਨਾਤ ਕਮਾਂਡੋ, ਅਧਿਕਾਰੀ ਤੇ ਹੋਰ ਲੋਕ ਵੀ ਸਨ। ਐਸਕੇਲੇਟਰ ਦੇ ਹੇਠਾਂ ਵੀ ਕੁਝ ਲੋਕ ਖੜ੍ਹੇ ਸਨ। ਇਸ ਦੌਰਾਨ ਅਨਿਲ ਵਿੱਜ ਹੇਠਾਂ ਉਤਰ ਕੇ ਪੌੜੀਆਂ ਤੋਂ ਅੱਗੇ ਚੱਲ ਪਏ। ਐਸਕੇਲੇਟਰ ਦੀਆਂ ਪੌੜੀਆਂ ਥੱਲੇ ਚਲਦੀਆਂ ਗਈਆਂ। ਭੀੜ ਨੂੰ ਅੱਗੇ ਨਿਕਲਣ ਦਾ ਰਾਹ ਨਾ ਮਿਲਿਆ ਅਤੇ ਲੋਕ ਥੱਲੇ ਡਿੱਗ ਗਏ।
ਧੱਕਾ-ਮੁੱਕੀ ਹੁੰਦਿਆਂ ਹੀ ਸੁਰੱਖਿਆ ’ਚ ਤਾਇਨਾਤ ਟੀਮ ਨੇ ਵਿੱਜ ਨੂੰ ਪਾਸੇ ਕਰ ਲਿਆ। ਸਿਵਲ ਹਸਪਤਾਲ ਅੰਬਾਲਾ ਛਾਉਣੀ ਦੇ ਸਾਹਮਣੇ ਅੰਬਾਲਾ-ਜਗਾਧਰੀ ਰੋਡ ’ਤੇ 2 ਕਰੋੜ ਰੁਪਏ ਦੀ ਲਾਗਤ ਨਾਲ ਐਸਕੇਲੇਟਰ ਫੁੱਟ ਬ੍ਰਿਜ ਬਣਾਇਆ ਗਿਆ ਹੈ ਤਾਂ ਕਿ ਹਸਪਤਾਲ ਵਿਚ ਆਉਣ ਵਾਲੇ ਲੋਕਾਂ ਨੂੰ ਸੜਕ ਪਾਰ ਕਰਨ ਦੀ ਜ਼ਹਿਮਤ ਤੋਂ ਛੁਟਕਾਰਾ ਮਿਲ ਸਕੇ ਕਿਉਂ ਕਿ ਇੱਥੇ ਹਾਦਸੇ ਦਾ ਡਰ ਰਹਿੰਦਾ ਹੈ।