ਕੇਜਰੀਵਾਲ ਦੇ ਆਈਫੋਨ ਲਈ ‘ਐਪਲ’ ਤੱਕ ਪਹੁੰਚ
ਨਵੀਂ ਦਿੱਲੀ (ਪੱਤਰ ਪ੍ਰੇਰਕ): ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਆਈਫੋਨ ਦੇ ਵੇਰਵੇ ਜਾਣਨ ਲਈ ਐਪਲ ਕੰਪਨੀ ਤੋਂ ਮਦਦ ਮੰਗੀ ਹੈ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਕੇਜਰੀਵਾਲ ਨੇ ਆਪਣਾ ਆਈਫੋਨ ਬੰਦ ਕਰ ਦਿੱਤਾ ਸੀ ਅਤੇ ਆਪਣੇ ਪਾਸਵਰਡ ਦਾ ਖੁਲਾਸਾ ਨਹੀਂ ਕੀਤਾ ਸੀ। ਮੁੱਖ ਮੰਤਰੀ ਇਸ ਸਮੇਂ ਈਡੀ ਦੀ ਹਿਰਾਸਤ ਵਿੱਚ ਹਨ ਅਤੇ ਜੇਲ੍ਹ ਵਿੱਚੋਂ ਹੀ ਸਰਕਾਰ ਚਲਾ ਰਹੇ ਹਨ। ਰਿਪੋਰਟ ਅਨੁਸਾਰ ਕੇਜਰੀਵਾਲ ਦੇ ਨਿੱਜੀ ਕੰਪਿਊਟਰਾਂ ਜਾਂ ਡੈਸਕਟਾਪਾਂ ’ਤੇ ਮੁੱਖ ਮੰਤਰੀ ਨਾਲ ਸਬੰਧਤ ਕੋਈ ਵੀ ਇਲੈਕਟ੍ਰਾਨਿਕ ਸਬੂਤ ਨਹੀਂ ਮਿਲਿਆ ਪਰ ਚਾਰ ਮੋਬਾਈਲ ਫੋਨ ਜ਼ਬਤ ਕੀਤੇ ਗਏ ਹਨ। ਕੇਜਰੀਵਾਲ ਦੀ 21 ਮਾਰਚ ਨੂੰ ਗ੍ਰਿਫ਼ਤਾਰੀ ਮੌਕੇ ਘਰ ’ਚੋਂ ਲਗਪਗ 70 ਹਜ਼ਾਰ ਰੁਪਏ ਬਰਾਮਦ ਹੋਏ ਸਨ। ਈਡੀ ਨੇ ਹੁਣ ਮੁੱਖ ਮੰਤਰੀ ਦੇ ਆਈਫੋਨ ਦੇ ਪਾਸਵਰਡ ਤੱਕ ਪਹੁੰਚ ਬਣਾਉਣ ਲਈ ਐਪਲ ਕੰਪਨੀ ਨਾਲ ਸੰਪਰਕ ਕੀਤਾ ਹੈ। ਜ਼ਿਕਰਯੋਗ ਹੈ ਕਿ ‘ਆਪ’ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕੇਜਰੀਵਾਲ ਦੇ ਫੋਨ ਵਿੱਚ ਪਾਰਟੀ ਦੀ ਚੋਣ ਰਣਨੀਤੀ ਅਤੇ ਚੋਣਾਂ ਤੋਂ ਪਹਿਲਾਂ ਗੱਠਜੋੜ ਸਬੰਧੀ ਵੇਰਵੇ ਹਨ।