ਵਿੱਦਿਅਕ ਨਤੀਜਾ: ਹੋਣਹਾਰ ਵਿਦਿਆਰਥੀਆਂ ਤੇ ਮਾਪਿਆਂ ਦਾ ਸਨਮਾਨ
ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 31 ਮਾਰਚ
ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲ ਮਾਜਰਾ ਵਿਖੇ ਇਸ ਸੈਸ਼ਨ ਦਾ ਵਿਦਿਅਕ ਨਤੀਜਾ ਐਲਾਨਿਆ ਗਿਆ ਅਤੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸੇ ਦੌਰਾਨ ਵੱਖ ਵੱਖ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਆ ਗਿਆ। ਸਮਾਗਮ ਦੌਰਾਨ ਸਕੂਲ ਕਮੇਟੀ ਮੈਂਬਰਾਂ ਵੱਲੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਸਾਰੀਆਂ ਹੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਪਿਆਂ ਸਮੇਤ ਟਰਾਫ਼ੀ ਦੇ ਕੇ ਵਿਸ਼ੇਸ਼ ਰੂਪ ਵਿੱਚ ਸਨਮਾਨਿਆ ਗਿਆ। ਸਕੂਲ ਦੀ ਮੈਨੇਜਿੰਗ ਡਾਇਰੈਕਟਰ ਸ਼ਿੰਦਰਪਾਲ ਕੌਰ ਅਟਵਾਲ ਨੇ ਦੱਸਿਆ ਕਿ ਪਿਪਸ ਦੇ ਇਸ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਖੇਡਾਂ, ਸੱਭਿਆਚਾਰਕ, ਕਲਾਤਮਕ ਅਤੇ ਵਿੱਦਿਅਕ ਆਦਿ ਸਾਰੇ ਹੀ ਖੇਤਰਾਂ ਵਿੱਚ ਜ਼ਿਲ੍ਹਾ, ਰਾਜ ਅਤੇ ਨੈਸ਼ਨਲ ਪੱਧਰ ਉੱਤੇ ਵੱਖ-ਵੱਖ ਪੁਜੀਸ਼ਨਾਂ ਹਾਸਲ ਕਰਕੇ ਮਾਣਮੱਤੇ ਸਥਾਨ ਹਾਸਲ ਕੀਤੇ। ਇਸ ਮੌਕੇ ਸਕੂਲ ਪ੍ਰਧਾਨ ਗੁਰਦੇਵ ਸਿੰਘ ਅਟਵਾਲ, ਪ੍ਰਬੰਧਕ ਸੁਰਜੀਤ ਸਿੰਘ, ਪ੍ਰਿੰਸੀਪਲ ਅਨੁਰਾਧਾ ਧੀਮਾਨ, ਮੈਨੇਜਰ ਪ੍ਰੀਤਪਾਲ ਕੌਰ ਅਟਵਾਲ ਤੇ ਉਪ ਪ੍ਰਿੰਸੀਪਲ ਮਨਦੀਪ ਕੌਰ ਮਾਹਲ ਹਾਜ਼ਰ ਸਨ।
ਮੈਰਿਟ ’ਚ ਆਏ ਬੱਚਿਆਂ ਦਾ ਸਨਮਾਨ
ਫਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਦੇ ਪਿੰਡ ਬਡਵਾਲਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਪਹਿਲੀ ਤੋਂ ਪੰਜਵੀਂ ਕਲਾਸ ਦੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਐੱਨਆਰਆਈ ਸਮਿੰਦਰਜੀਤ ਸਿੰਘ ਗਿੱਲ ਨੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਆ। ਉਹ ਇਸ ਸਕੂਲ ਵਿੱਚ ਪੰਜਵੀਂ ਕਲਾਸ ਤੱਕ ਪੜ੍ਹੇ ਹਨ। ਉਨ੍ਹਾਂ ਉੱਚ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਲਾਇਕ ਬੱਚੇ ਨੂੰ ਆਰਥਿਕ ਮਦਦ ਦੇਣ ਦਾ ਵੀ ਭਰੋਸਾ ਦਿੱਤਾ। ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਜੈ ਕ੍ਰਿਸ਼ਨ ਅਤੇ ਹਰਜੀਤ ਸਿੰਘ ਬਾਜਵਾ ਫਿਰੋਜ਼ਪੁਰ ਨੇ ਗਿੱਲ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਹੈੱਡ ਟੀਚਰ ਚਮਕੌਰ ਸਿੰਘ, ਗੁਰਕਿਰਤ ਸਿੰਘ ਮਾਸਟਰ, ਸ਼ਿਲਪਾ ਮਲਹੋਤਰਾ ਅਤੇ ਗੁਰਪ੍ਰੀਤ ਕੌਰ ਹਾਜ਼ਰ ਸਨ।
ਪਹਿਲੇ ਤਿੰਨ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀ ਸਨਮਾਨੇ
ਰੂਪਨਗਰ (ਪੱਤਰ ਪ੍ਰੇਰਕ): ਇੱਥੇ ਅੱਜ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ ਸਾਲਾਨਾ ਨਤੀਜਿਆਂ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਖਾਲਸਾ ਕਿੰਨਰ ਗਾਰਡਨ, ਖਾਲਸਾ ਮਾਡਲ ਸਕੂਲ ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਨਰਸਰੀ ਤੋਂ ਲੈ ਕੇ ਗਿਆਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਨਤੀਜਾ ਐਲਾਨਿਆ ਗਿਆ। ਨਤੀਜੇ ਦੌਰਾਨ ਪਹਿਲੇ, ਦੂਜੇ ਤੇ ਤੀਜੇ ਨੰਬਰ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰਦਿ ਅੰਬਾਲਾ ਬੋਰਡ ਆਫ ਐਜੂਕੇਸ਼ਨ ਦੇ ਮੈਨੇਜਰ ਹਰਬੰਸ ਸਿੰਘ ਕੰਧੋਲਾ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਆ ਗਿਆ। ਸਕੂਲ ਪ੍ਰਿੰਸੀਪਲ ਕੁਲਵਿੰਦਰ ਸਿੰਘ ਨੇ ਸਾਲਾਨਾ ਕਾਰਗੁਜ਼ਾਰੀ ਰਿਪੋਰਟ ਪੜ੍ਹੀ। ਇਸ ਮੌਕੇ ਨਵਤੇਜ ਸਿੰਘ, ਸਰਬਜੀਤ ਕੌਰ, ਸੁਖਪ੍ਰੀਤ ਕੌਰ, ਹਰਪ੍ਰੀਤ ਕੌਰ ਮਾਂਗਟ ਅਤੇ ਹੋਰ ਅਧਿਆਪਕ ਹਾਜ਼ਰ ਸਨ।