ਯੂਜੀਸੀ ਵੱਲੋਂ ਜੀਐਨਈ ਕਾਲਜ ਨੂੰ 10 ਸਾਲਾਂ ਲਈ ਅਕਾਦਮਿਕ ਖੁਦਮੁਖਤਿਆਰੀ
ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਜੁਲਾਈ
ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਜਿਸ ਦਾ ਨਿਰਮਾਣ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਉਪਰਾਲੇ ਨਾਲ ਕੀਤਾ ਗਿਆ ਸੀ, ਨੇ ਅੱਜ ਇਕ ਹੋਰ ਸਫਲਤਾ ਭਰੀ ਪੁਲਾਂਗ ਪੱਟਦੇ ਹੋਏ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਤੋਂ ਤੀਜੇ ਸਾਈਕਲ ਵਿੱਚ ਹੋਰ 10 ਸਾਲਾਂ ਲਈ ਅਕਾਦਮਿਕ ਖੁਦਮੁਖਤਿਆਰੀ ਹਾਸਲ ਕਰ ਲਈ ਹੈ। ਇਸ ਖੁਦਮੁਖਤਿਆਰੀ ਤਹਿਤ, ਸੰਸਥਾ ਨੂੰ ਅੱਜ ਦੇ ਸਮੇਂ ਦੀ ਲੋੜ ਅਨੁਸਾਰ ਆਪਣਾ ਪਾਠਕ੍ਰਮ ਅਤੇ ਸਿਲੇਬਸ ਤਿਆਰ ਕਰਨ ਦੀ ਆਜ਼ਾਦੀ ਹੋਵੇਗੀ।
ਕਾਲਜ ਵੱਲੋਂ ਖੁਦਮੁਖਤਿਆਰ ਦਰਜੇ ਦੇ ਤਹਿਤ ਉਭਰ ਰਹੇ ਖੇਤਰਾਂ ਵਿੱਚ ਨਵੇਂ ਪ੍ਰੋਗਰਾਮ ਅਤੇ ਕੋਰਸ ਵੀ ਸ਼ੁਰੂ ਕੀਤੇ ਜਾ ਸਕਦੇ ਹਨ। ਜਿੱਥੇ ਜੀ.ਐਨ. ਈ. ਕਾਲਜ ਨੂੰ ਨੈਕ ਦੁਆਰਾ ਏ ਗ੍ਰੇਡ ਨਾਲ ਮਾਨਤਾ ਪ੍ਰਾਪਤ ਹੈ ਅਤੇ ਜ਼ਿਆਦਾਤਰ ਇੰਜਨੀਅਰਿੰਗ ਕੋਰਸ ਐਨਬੀਏ ਦੁਆਰਾ ਮਾਨਤਾ ਪ੍ਰਾਪਤ ਹਨ, ਓਥੇ ਯੂਜੀਸੀ ਦੀ ਖੁਦਮੁਖਤਿਆਰੀ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨ ਵਿੱਚ ਹੋਰ ਵੱਡੀ ਭੂਮਿਕਾ ਨਿਭਾਏਗੀ। ਕਾਲਜ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵਲੋਂ ਕਾਲਜ ਨੂੰ ਮਿਲੀ ਅਕਾਦਮਿਕ ਖੁਦਮੁਖਤਿਆਰੀ ਦੀ ਅਧਿਕਾਰਤ ਪੁਸ਼ਟੀ ਕਰ ਦਿੱਤੀ ਗਈ ਹੈ। ਨਿਰਧਾਰਿਤ ਫਾਰਮੈਟ ਵਿੱਚ ਲੋੜੀਂਦੀ ਜਾਣਕਾਰੀ ਫਰਵਰੀ 2023 ਵਿੱਚ ਕਮਿਸ਼ਨ ਨੂੰ ਸੌਂਪੀ ਗਈ ਸੀ ਅਤੇ ਇਸ ਜਾਣਕਾਰੀ ਦੇ ਅਧਾਰ ‘ਤੇ, ਮੰਤਰਾਲੇ ਦੁਆਰਾ ਹਾਲ ਹੀ ਵਿੱਚ ਹੋਈ ਮੀਟਿੰਗ ਵਿੱਚ ਕਾਲਜ ਨੂੰ ਅਕਾਦਮਿਕ ਖੁਦਮੁਖਤਿਆਰੀ ਦੇਣ ਦਾ ਫੈਸਲਾ ਲਿਆ ਗਿਆ ਹੈ। ਡਾ. ਅਕਸ਼ੈ ਗਿਰਧਰ ਨੇ ਦੱਸਿਆ ਕਿ ਇਹ ਖੁਦਮੁਖਤਿਆਰੀ ਸਾਨੂੰ ਰਾਸ਼ਟਰੀ ਸਿੱਖਿਆ ਨੀਤੀ (ਐਨਈਪੀ 2020) ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਨੂੰ ਅਪਣਾਉਣ ਅਤੇ ਅਭਿਆਸ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।