ਪਟਾਕੇ ਵੇਚਣ ਲਈ ਆਰਜ਼ੀ ਮਾਰਕੀਟਾਂ ਦੀ ਭਰਮਾਰ
ਮਿਹਰ ਸਿੰਘ
ਕੁਰਾਲੀ, 13 ਅਕਤੂਬਰ
ਸ਼ਹਿਰ ਵਿੱਚ ਪਟਾਕੇ ਅਤੇ ਅਤਿਸ਼ਬਾਜ਼ੀ ਵੇਚਣ ਸਬੰਧੀ ਸਰਕਾਰੀ ਨੇਮਾਂ ਅਤੇ ਅਦਾਲਤ ਹੁਕਮਾਂ ਦੀਆਂ ਧੱਜੀਆਂ ਉੱਡਾਈਆਂ ਜਾ ਰਹੀਆਂ ਹਨ। ਸ਼ਹਿਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰਾਂ ਤੇ ਸੜਕਾਂ ’ਤੇ ਸੈਂਕੜੇ ਦੁਕਾਨਾਂ ਵਿੱਚ ਅਤਿਸ਼ਬਾਜ਼ੀ ਤੇ ਪਟਾਕਿਆਂ ਦਾ ਵਪਾਰ ਹੋ ਰਿਹਾ ਹੈ।
ਪ੍ਰਸ਼ਾਸਨ ਵੱਲੋਂ ਸ਼ਹਿਰ ਵਿਚ 20 ਕੁ ਲਾਇਸੈਂਸ ਧਾਰਕ ਵਪਾਰੀਆਂ ਤੋਂ ਇਲਾਵਾ ਆਰਜ਼ੀ ਸਟਾਲਾਂ ਲਈ ਲਾਇਸੈਂਸ 21 ਅਕਤੂਬਰ ਨੂੰ ਜਾਰੀ ਕੀਤੇ ਜਾਣੇ ਹਨ। ਇਸ ਤੋਂ ਪਹਿਲਾਂ ਹੀ ਸ਼ਹਿਰ ਵਿੱਚ ਸੈਂਕੜੇ ਸਟਾਲਾਂ ਆਰਜ਼ੀ ਦੁਕਾਨਾਂ ਦੇ ਰੂਪ ਵਿੱਚ ਲੱਗ ਚੁੱਕੀਆਂ ਹਨ। ਅਤਿਸ਼ਬਾਜ਼ੀ ਤੇ ਪਟਾਕਿਆਂ ਦੇ ਭੰਡਾਰਨ ਅਤੇ ਵੇਚਣ ਸਬੰਧੀ ਹਦਾਇਤਾਂ ਮਹਿਜ਼ ਖਾਨਾਪੂਰਤੀ ਬਣ ਕੇ ਰਹਿ ਗਈਆਂ ਹਨ। ਸ਼ਹਿਰ ਦੇ ਬੱਸ ਅੱਡਾ ਚੌਕ ਤੋਂ ਮੋਰਿੰਡਾ ਰੋਡ ’ਤੇ ਦਰਜਨਾਂ ਦੁਕਾਨਦਾਰਾਂ ਵੱਲੋਂ ਪਟਾਕਿਆਂ ਦਾ ਭੰਡਾਰਨ ਕਰ ਕੇ ਵਪਾਰ ਕੀਤਾ ਜਾ ਰਿਹਾ ਹੈ। ਬਡਾਲੀ ਰੋਡ ਤਾਂ ਪਟਾਕਾ ਮਾਰਕੀਟ ਦਾ ਰੂਪ ਧਾਰਨ ਕਰ ਚੁੱਕੀ ਹੈ।
ਸਥਾਨਕ ਮੋਰਿੰਡਾ ਰੋਡ ’ਤੇ ਨੈਸ਼ਨਲ ਪਬਲਿਕ ਸਕੂਲ ਅੱਗੇ, ਪੀਐੱਸਪੀਸੀਐਲ ਬਿਜਲੀ ਗਰਿੱਡ ਅਤੇ ਬਡਾਲੀ ਰੋਡ ਦੇ ਰੇਲਵੇ ਬਿਜਲੀ ਗਰਿੱਡ ਦੇ ਕੁਝ ਕੁ ਫ਼ਾਸਲੇ ’ਤੇ ਵੀ ਅਤਿਸ਼ਾਬਾਜ਼ੀ ਦੀਆਂ ਦੁਕਾਨਾਂ ਲੱਗ ਗਈਆਂ ਹਨ। ਕਈ ਕਬਾੜ ਦੀਆਂ ਦੁਕਾਨਾਂ ਬੰਦ ਕਰ ਕੇ ਇਨ੍ਹਾਂ ਵਿੱਚ ਅਤਿਸ਼ਬਾਜ਼ੀ ਦਾ ਵਪਾਰ ਹੋ ਰਿਹਾ ਹੈ ਜਦਕਿ ਮੋਰਿੰਡਾ ਰੋਡ ’ਤੇ ਆਰਜ਼ੀ ਖੋਖੇ ਰਾਤੋ ਰਾਤ ਤਿਆਰ ਕਰ ਕੇ ਅਤਿਸ਼ਬਾਜ਼ੀ ਵੇਚੀ ਜਾ ਰਹੀ ਹੈ। ਇਨ੍ਹਾਂ ਆਰਜ਼ੀ ਦੁਕਾਨਾਂ ਵਿੱਚ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਕੋਈ ਵੀ ਢੁਕਵਾਂ ਪ੍ਰਬੰਧ ਨਹੀਂ ਹੈ।
ਕੀ ਕਹਿੰਦੇ ਨੇ ਅਧਿਕਾਰੀ
ਐੱਸਡੀਐੱਮ ਖਰੜ ਗੁਰਮੰਦਰ ਸਿੰਘ ਨੇ ਕਿਹਾ ਕਿ ਕੁਰਾਲੀ ਵਿੱਚ ਅਤਿਸ਼ਬਾਜ਼ੀ ਦੇ ਵਪਾਰ ਦੌਰਾਨ ਨਿਯਮਾਂ ਦੀ ਪਾਲਣਾ ਲਈ ਕਮੇਟੀ ਦਾ ਗਠਨ ਕੀਤਾ ਗਿਆ। ਇਸ ਦੀ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਕਮੇਟੀ ਮੈਂਬਰ ਤੇ ਕੁਰਾਲੀ ਨਗਰ ਕੌਂਸਲ ਦੇ ਈਓ ਰਜਨੀਸ਼ ਸੂਦ ਨੇ ਦੱਸਿਆ ਕਿ ਉਹ ਚੋਣ ਡਿਊਟੀ ਵਿੱਚ ਰੁੱਝੇ ਹੋਏ ਹਨ ਅਤੇ ਪੰਚਾਇਤ ਚੋਣਾਂ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਡੀਐੱਸਪੀ ਮੁੱਲਾਂਪੁਰ ਗਰਬੀਦਾਸ ਮੋਹਿਤ ਅਗਰਵਾਲ ਨੇ ਫੋਨ ਨਹੀਂ ਸੁਣਿਆ।