ਕੁਰਾਲੀ ਵਿੱਚ ਪਟਾਕਿਆਂ ਦੀਆਂ ਨਾਜਾਇਜ਼ ਦੁਕਾਨਾਂ ਦੀ ਭਰਮਾਰ
ਮਿਹਰ ਸਿੰਘ
ਕੁਰਾਲੀ, 26 ਅਕਤੂਬਰ
ਸ਼ਹਿਰ ਵਿੱਚ ਪਟਾਕੇ ਵੇਚਣ ਸਬੰਧੀ ਨੇਮਾਂ ਅਤੇ ਅਦਾਲਤੀ ਹੁਕਮਾਂ ਦੀਆਂ ਸ਼ਰ੍ਹੇਆਮ ਧੱਜੀਆਂ ਉੱਡ ਰਹੀਆਂ ਹਨ। ਸ਼ਹਿਰ ਵਿਚ ਕਰੀਬ 20 ਲਾਇਸੈਂਸ ਧਾਰਕ ਥੋਕ ਪਟਾਕਿਆਂ ਦੇ ਵਪਾਰੀਆਂ ਤੋਂ ਇਲਾਵਾ ਚਾਰ ਹੋਰ ਆਰਜ਼ੀ ਸਟਾਲਾਂ ਲਈ ਲਾਇਸੈਂਸ ਜਾਰੀ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਇੱਥੇ ਸੈਂਕੜੇ ਦੁਕਾਨਾਂ ਅਤੇ ਸਟਾਲਾਂ ’ਤੇ ਪਟਾਕਿਆਂ ਦਾ ਵਪਾਰ ਹੋ ਰਿਹਾ ਹੈ। ਸ਼ਹਿਰ ਦੇ ਬੱਸ ਅੱਡਾ ਚੌਕ ਤੋਂ ਮੋਰਿੰਡਾ ਰੋਡ ’ਤੇ ਸੈਂਕੜੇ ਦੁਕਾਨਦਾਰਾਂ ਵੱਲੋਂ ਆਪਣੇ ਹੋਰ ਕਾਰੋਬਾਰ ਬੰਦ ਕਰ ਕੇ ਪਟਾਕੇ ਵੇਚੇ ਜਾ ਰਹੇ ਹਨ। ਮੋਰਿੰਡਾ ਰੋਡ ਅਤੇ ਰਿਹਾਇਸ਼ੀ ਕਲੋਨੀ ’ਤੇ ਰੇਲਵੇ ਦੇ ਬਿਜਲੀ ਗਰਿੱਡ ਨਾਲ ਲਗਦੀ ਬਡਾਲੀ ਰੋਡ ’ਤੇ ਪਟਾਕਿਆਂ ਦੀ ਮਾਰਕੀਟ ਬਣ ਚੁੱਕੀ ਹੈ। ਕੁਰਾਲੀ ਬਾਈਪਾਸ ’ਤੇ ਪਡਿਆਲਾ ਤੋਂ ਲੈ ਕੇ ਬੰਨ੍ਹਮਾਜਰਾ ਤੱਕ ਪਟਾਕਿਆਂ ਦੀਆਂ ਸੈਂਕੜੇ ਦੁਕਾਨਾਂ ਤੇ ਸਟਾਲਾਂ ਲੱਗ ਚੁੱਕੀਆਂ ਹਨ।
ਪ੍ਰਸ਼ਾਸਨ ਦੀ ਟੀਮ ਨੇ ਨਾਇਬ ਤਹਿਸੀਲਦਾਰ ਰਕੇਸ਼ ਅਗਰਵਾਲ ਦੀ ਅਗਵਾਈ ਵਿੱਚ ਅੱਜ ਸ਼ਹਿਰ ਦੇ ਪਡਿਆਲਾ ਬਾਈਪਾਸ ’ਤੇ ਕਾਰਵਾਈ ਕਰਦਿਆਂ ਕੁਝ ਦੁਕਾਨਾਂ ਨੂੰ ਬੰਦ ਕਰਵਾਉਣ ਦਾ ਦਾਅਵਾ ਕੀਤਾ ਗਿਆ। ਕੁਝ ਸਮੇਂ ਬਾਅਦ ਜਿਹੜੀਆਂ ਦੁਕਾਨਾਂ ਅੱਗੇ ਖੜ੍ਹੇ ਹੋ ਕੇ ਅਧਿਕਾਰੀਆਂ ਨੇ ਬੰਦ ਕਰਵਾਉਣ ਦਾ ਦਾਅਵਾ ਕੀਤਾ ਸੀ ਉਹੀ ਦੁਕਾਨਾਂ ਮੁੜ ਖੁੱਲ੍ਹੀਆਂ ਨਜ਼ਰ ਆਈਆਂ।
ਨਾਜਾਇਜ਼ ਕਾਰੋਬਾਰ ਲਈ ਪ੍ਰਸ਼ਾਸਨ ਜ਼ਿੰਮੇਵਾਰ: ਨਨਹੇੜੀਆਂ
ਬਸਪਾ ਦੇ ਸੂਬਾਈ ਜਨਰਲ ਸਕੱਤਰ ਰਜਿੰਦਰ ਸਿੰਘ ਰਾਜਾ ਨਨਹੇੜੀਆਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਕਥਿਤ ਮਿਲੀਭੁਗਤ ਕਾਰਨ ਇਹ ਦੁਕਾਨਾਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਲੱਗੀਆਂ ਪਟਾਕਿਆਂ ਦੀਆਂ ਅਣ-ਅਧਿਕਾਰਤ ਦੁਕਾਨਾਂ ਤੇ ਸਟਾਲਾਂ ਲਈ ਸਰਕਾਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਅਣ-ਅਧਿਕਾਰਤ ਦੁਕਾਨਾਂ ਅਤੇ ਸਟਾਲਾਂ ਲਗਾਉਣ ਲਈ ਹੋਏ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਗਈ ਕਿ ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ।
ਟੀਮਾਂ ਕੰਮ ਕਰ ਰਹੀਆਂ ਨੇ: ਐੱਸਡੀਐੱਮ
ਕਾਰਜਸਾਧਕ ਅਫ਼ਸਰ ਰਜਨੀਸ਼ ਸੂਦ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਟਾਲਾਂ ਵਾਲਿਆਂ ਵੱਲੋਂ ਸੜਕਾਂ ’ਤੇ ਕੀਤਾ ਕਬਜ਼ਾ ਹਟਾਇਆ ਜਾ ਰਿਹਾ ਹੈ ਪਰ ਪਟਾਕਿਆਂ ਦੀਆਂ ਅਣ-ਅਧਿਕਾਰਤ ਸਟਾਲਾਂ ਸਬੰਧੀ ਕਾਰਵਾਈ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ। ਐੱਡੀਐੱਮ ਖਰੜ ਗੁਰਮੰਦਰ ਸਿੰਘ ਨੇ ਕਿਹਾ ਕਿ ਕਾਰਵਾਈ ਲਈ ਗਠਿਤ ਟੀਮ ਫੀਲਡ ਵਿੱਚ ਕੰਮ ਕਰ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।