ਸਨਮਾਨਾਂ ਤੋਂ ਉੱਤੇ
ਸਵਰਨ ਸਿੰਘ ਭੰਗੂ
ਉਸ ਦਿਨ ਕੌਮਾਂਤਰੀ ਔਰਤ ਦਿਵਸ ਦੀ ਸ਼ਾਮ ਸੀ। ਕਸੌਲੀ (ਹਿਮਾਚਲ ਪ੍ਰਦੇਸ਼) ਦੇ ਇੱਕ ਕਾਰੋਬਾਰੀ ਪਰਿਵਾਰ ਦੀ ਧੀ ਜੋ ਕਲਾਵਾਂ ’ਚ ਦਿਲਚਸਪੀ ਰੱਖਦੀ ਹੈ, ਦੇ ਕਹਿਣ ’ਤੇ ਵੱਖ-ਵੱਖ ਖੇਤਰ ਦੀਆਂ ਮਿਸਾਲੀ ਔਰਤਾਂ ਨੂੰ ਸਨਮਾਨ ਦੇਣ ਲਈ ਮੇਜ਼ਬਾਨਾਂ ਨੇ ਪ੍ਰਭਾਵੀ ਸਮਾਗਮ ਆਪਣੇ ਸੈਲਾਨੀ-ਸਥਾਨ ’ਤੇ ਰੱਖਿਆ ਸੀ। ਇੱਥੇ ਪੰਜਾਬੀ ਫਿਲਮਾਂ ਵਿੱਚ ਅਦਾਕਾਰਾ ਵਜੋਂ ਸਰਗਰਮ ਮੇਰੀ ਪਤਨੀ ਦਾ ਵੀ ਸਨਮਾਨ ਕੀਤਾ ਜਾਣਾ ਸੀ। ਸਟੇਜ ਤੋਂ ਕੰਨ-ਰਸ ਪੈਦਾ ਕਰਦਾ ਸੰਗੀਤ ਸੀ, ਜਗਦੀਆਂ ਬੁਝਦੀਆਂ ਅਤੇ ਘੁੰਮਦੀਆਂ ਬਹੁ-ਰੰਗੀਆਂ ਰੋਸ਼ਨੀਆਂ ਸਨ। ਸਟੇਜ ’ਤੇ ਇੱਕ ਮਹਾਂਨਗਰ ਨਾਲ ਸਬੰਧਿਤ ਸੁਰੀਲਾ ਗਾਇਕ ਸੀ, ਥਿਰਕਦਾ ਸੰਗੀਤ ਸੀ। ਸਟੇਜ ਕਲਾ ਵਿੱਚ ਪ੍ਰਵੀਨ ਸਟੇਜ ਸਕੱਤਰ ਸੀ ਜੋ ਸਨਮਾਨ ਲੈਣ ਵਾਲੀ ਹਰ ਔਰਤ ਦਾ ਸੰਖੇਪ ਵੇਰਵਾ ਇਸ ਤਰ੍ਹਾਂ ਪੇਸ਼ ਕਰਨ ਦੀ ਮੁਹਾਰਤ ਰੱਖਦਾ ਸੀ ਜਿਵੇਂ ਚਿਰ ਤੋਂ ਭੇਤੀ ਹੋਵੇ। ਜਦੋਂ ਇਹ ਸਭ ਹੋ ਰਿਹਾ ਸੀ ਤਾਂ ਜਿ਼ਹਨ ਵਿੱਚ ਮੇਰੇ ਬਚਪਨ ਦੇ ਦੋਸਤ ਦੀ ਪਤਨੀ ਅਤੇ ਉਸ ਤੋਂ ਵੀ ਅੱਗੇ ਮੇਰੀ ਇੱਕ ਰਿਸ਼ਤੇਦਾਰ ਬੀਬਾ ਜੀ ਦੇ ਬਿੰਬ ਉੱਭਰ ਆਏ ਜਿਨ੍ਹਾਂ ਵੱਲੋਂ ਵਿਸ਼ੇਸ਼ ਹਾਲਤਾਂ ਵਿੱਚ ਆਪਣੇ ਪਤੀਆਂ ਦੀ ਕੀਤੀ ਜਾ ਰਹੀ ਸਮਰਪਣ ਦੀ ਹੱਦ ਤੱਕ ਸੇਵਾ ਨੇ ਮੇਰੇ ਮਨ ਵਿੱਚ ਹਲਚਲ ਮਚਾ ਦਿੱਤੀ।
ਸਬਬੀਂ ਇੱਕ ਦਿਨ ਅਸੀਂ ਖ਼ਬਰ ਲਈ ਦੋਸਤ ਦੇ ਘਰ ਪਹੁੰਚ ਗਏ। “ਆਹ ਦੇਖ ਤੇਰੇ ਵੀਰ ਜੀ ਅਤੇ ਭੈਣ ਜੀ ਆ ਗਏ... ਕਰ ਇਨ੍ਹਾਂ ਨਾਲ ਕੋਈ ਗੱਲ...।” ਅਜਿਹੀਆਂ ਹੀ ਬਾਲ-ਸੁਣਾਉਣੀਆਂ ਪਿਛਲੇ 5 ਸਾਲ ਤੋਂ ਉਸ ਦੇ ਬੁੱਲ੍ਹਾਂ ’ਤੇ ਹਨ। ਗੁਆਂਢੀ ਦੱਸਦੇ ਹਨ ਕਿ ਅੰਮ੍ਰਿਤ ਵੇਲੇ ਜਦੋਂ ਲੋਕ ਰੱਬ ਦਾ ਨਾਂ ਲੈਂਦੇ ਹਨ, ਗੁਰੂ ਘਰਾਂ ਤੋਂ ਪਾਠੀ ਬੋਲ ਰਹੇ ਹੁੰਦੇ ਹਨ ਤਾਂ ਇਹ ਰੱਬ ਦੀ ਬੰਦੀ ਆਪਣੇ ਬੇਸੁੱਧ ਪਤੀ ਨੂੰ ਬੁਲਾ ਰਹੀ ਹੁੰਦੀ ਹੈ- “ਉਠੋ ਜੀ, ਬਹੁਤ ਸਮਾਂ ਹੋ ਗਿਆ ਪਿਆਂ ਨੂੰ... ਉੱਠ ਖੜੋਵੋ, ਤੁਰੋ, ਬੋਲੋ... ਬਾਹਰ ਟੈਂਪੂ ਖੜ੍ਹਾ ਹੈ, ਤੁਸੀਂ ਟੈਂਪੂ ਨ੍ਹੀਂ ਚਲਾਉਣਾ ਆਪਣਾ... ਚੱਲੋ ਮੇਰੇ ਨਾਲ... ਮੇਰੇ ਪੇਕਿਆਂ ਨੂੰ, ਆਪਾਂ ਖੜ੍ਹੇ ਖੜੋਤੇ ਮੁੜ ਆਵਾਂਗੇ... ਤੁਹਾਨੂੰ ਪਤੈ ਕਿ ਭੁੱਲਗੇ... ਕੱਲ੍ਹ ਤੁਹਾਨੂੰ ਕੌਣ ਮਿਲਣ ਆਇਆ ਸੀ... ਲੈ ਜੀ ਤੁਸੀਂ ਕੁੜੀ ਦਾ ਫਿਕਰ ਨਾ ਕਰਿਓ... ਉਹ ਆਪਣੇ ਘਰ ਠੀਕ ਵਸਦੀ ਐ... ਲੈ ਜੀ ਮੈਂ ਬਾਬੇ ਦੀ ਬਾਣੀ ਲਾ’ਤੀ, ਜੀ ਤੁਸੀਂ ਦੇਖੋ ਐਧਰ ਨੂੰ... ਜੀ ਤੁਸੀਂ ਪਾਣੀ ਪੀਣੈ... ਆਦਿ ਆਦਿ। ਇਹ ਉਸ ਦਾ ਹਰ ਸਮੇਂ ਦਾ ਰਟਨ ਹੈ। ਉਹ ਡਾਕਟਰ ਦੀ ਇੱਕ ਗੱਲ ਕਦੇ ਨਹੀਂ ਭੁੱਲਦੀ ਕਿ ਅਜਿਹੇ ਰੋਗੀਆਂ ਵਿੱਚ ਸਾਲਾਂ ਬਾਅਦ ਵੀ ਆਪਣੀ ਯਾਦ ਸ਼ਕਤੀ ਲੈ ਕੇ ਮੁੜ ਉੱਠ ਖੜੋਣ ਦੀ ਉਮੀਦ ਰਹਿੰਦੀ ਹੈ।
24 ਅਪਰੈਲ 2019 ਦੀ ਸਵੇਰ ਉਸ ਦਾ ਟੈਂਪੂ ਚਾਲਕ ਪਤੀ ਸਿਰ ਫੜ ਕੇ ਬੈਠ ਗਿਆ ਸੀ ਕਿ ਫਟਦਾ ਜਾਂਦੈ... ਕੋਈ ਅਹੁੜ ਪਹੁੜ ਕਰੋ। ਮੁਢਲੇ, ਦਰਮਿਆਨੇ ਹਸਪਤਾਲਾਂ ਤੋਂ ਹੋ ਕੇ ਮਰੀਜ਼ ਨੂੰ ਪੀਜੀਆਈ ਲਿਜਾਇਆ ਗਿਆ। ਸਿਰ ਦਾ ਅਪਰੇਸ਼ਨ ਹੋਇਆ ਅਤੇ ਉਸ ਤੋਂ ਬਾਅਦ ਕਰਨੈਲ ਸਿੰਘ ਬੋਲਿਆ ਨਹੀਂ... ਬੱਸ ਸਿੱਧਾ ਪਿਆ ਰਹਿੰਦਾ, ਪਾਸਾ ਵੀ ਬਦਲਣਾ ਪੈਂਦਾ ਹੈ। ਨੱਕ, ਗਲ਼ ਅਤੇ ਪਿਸ਼ਾਬ ਲਈ ਨਲਕੀਆਂ ਲੱਗੀਆਂ ਹਨ। ਬਲਬੀਰ ਕੌਰ ਸਮੇਂ-ਸਮੇਂ ’ਤੇ ਉਸ ਦੀ ਅਤੇ ਦੁਆਲੇ ਦੀ ਸਫਾਈ ਰੱਖਦੀ ਹੈ... ਨਾਲ਼ੀਆਂ ਰਾਹੀਂ ਤਰਲ ਖੁਰਾਕ ਉਸ ਦੇ ਢਿੱਡ ਵਿੱਚ ਪਾ ਦਿੰਦੀ ਹੈ। ਪਤਨੀ ਤਾਂ ਉਹ ਹੈ ਹੀ ਪਰ ਉਸ ਨੂੰ ਅਜਿਹੇ ਬਾਲ ਦੀ ਮਾਂ ਵਜੋਂ ਵੀ ਸਕੀਰੀ ਨਿਭਾਉਣੀ ਪੈ ਰਹੀ ਹੈ ਜੋ ਪੂਰੀ ਤਰ੍ਹਾਂ ਦੂਸਰੇ ਦੇ ਹੱਥਾਂ ’ਤੇ ਨਿਰਭਰ ਹੈ। ਕੁਝ ਦੱਸਦਾ ਨਹੀਂ। ਬੱਸ ਸਾਹ ਚੱਲਦੇ ਹਨ। ਅਸੀਂ ਉਹਨੂੰ ਨੇੜਿਓਂ ਹੋ ਕੇ ਤੱਕਦੇ ਹਾਂ, ਉਹ ਵੀ ਸਾਡੇ ਵਿੱਚ ਅੱਖਾਂ ਗੱਡ ਲੈਂਦਾ ਹੈ, ਇੱਧਰ/ਉੱਧਰ ਸਿਰ ਘੁੰਮਾਉਂਦਾ ਹੈ, ਜੀਭ ਵਾਰ-ਵਾਰ ਬੁੱਲ੍ਹਾਂ ਤੋਂ ਮੁੜਦੀ ਹੈ, ਜਿਵੇਂ ਬੋਲਣਾ ਤਾਂ ਚਾਹੁੰਦਾ ਹੋਵੇ ਪਰ ਅੰਦਰੋਂ ਬੋਲਣ ਦੀ ਆਗਿਆ ਨਾ ਮਿਲਦੀ ਹੋਵੇ... ਉਸ ਦੀਆਂ ਅੱਖਾਂ ਵਿੱਚ ਸਿੱਲ੍ਹ ਉੱਤਰਦੀ ਹੈ... ਧੁਰ ਅੰਦਰ ਤੱਕ ਹਿਲਾ ਦੇਣ ਵਾਲੀਆਂ ਅਦਾਵਾਂ ਸਨ ਇਹ! ਉਫ! ਕਿੰਨੀ ਬੇਵਸੀ ਹੈ!
ਅਸੀਂ ਪਰਤਦੇ ਹਾਂ, ਮਨ ਵਿੱਚ ਤੰਦਰੁਸਤ ਜੀਵਨ ਦੀ ਵਡਿਆਈ ਦਾ ਅਹਿਸਾਸ ਜ਼ਰਬਾਂ ਖਾਂਦਾ ਹੈ। ਸੋਚ ਸੀਮਾ ਪਾਰ ਕਰ ਕੇ ਸਾਡੀ ਰਿਸ਼ਤੇਦਾਰ ਬੀਬਾ ਜੀ ਦੇ ਘਰ ਦਸਤਕ ਦਿੰਦੀ ਹੈ... ਮੈਂ ਤਾਂ ਇਨ੍ਹਾਂ ਦੋਨਾਂ ਨੂੰ ਜਾਣਦਾ ਹਾਂ ਪਰ ਪਤਾ ਹੀ ਨਹੀਂ; ਪੰਜਾਬ, ਦੇਸ਼ ਅਤੇ ਦੁਨੀਆ ਵਿੱਚ ਅਜਿਹੀਆਂ ਕਿੰਨੀਆਂ ਹੀ ਪਤਨੀਆਂ ਆਪਣੇ ਅਹਿੱਲ ਪਤੀਆਂ ਨੂੰ ਇਸੇ ਤਰ੍ਹਾਂ ਸਮਰਪਿਤ ਹੋਣ। ਇਨ੍ਹਾਂ ਮਿਸਾਲੀ ਔਰਤਾਂ ਦੀ ਆਭਾ ਕਿਸੇ ਵੀ ਪਦਾਰਥਕ ਰਤਨ ਤੋਂ ਕਿਤੇ ਵੱਧ ਹੈ। ਸਭ ਸਨਮਾਨ ਇਨ੍ਹਾਂ ਦੀ ਕਰਨੀ ਤੋਂ ਊਣੇ ਹਨ... ਇਹ ਉੱਚਤਮ ਮਾਨਵੀ ਮਿਸਾਲਾਂ ਹਨ।
ਦੂਸਰੇ ਬੀਬਾ... 25 ਸਾਲ ਪਹਿਲਾਂ ਘਰੇ ਨਹਾਉਂਦਿਆਂ ਤਿਲਕ ਕੇ ਡਿੱਗਿਆ ਉਸ ਦਾ ਪਤੀ ਸਿਰ ਦੇ ਪਿੱਛੇ ਸੱਟ ਵੱਜਣ ਕਾਰਨ ਸਿਰਫ ਚੱਲਦੇ ਸਾਹ ਵਾਲਾ ਸਰੀਰ ਬਣ ਗਿਆ। ਇਹ ਪਰਿਵਾਰ ਵਿਦੇਸ਼ ਦਾ ਸਥਾਈ ਨਾਗਰਿਕ ਸੀ, ਪਤਨੀ ਕਿੱਤੇ ਵਜੋਂ ਨਰਸ ਸੀ। ਇਹ ਬੀਬਾ ਆਪਣੀ ਸਮਰਪਣ ਸੇਵਾ ਨਾਲ ਆਪਣੇ ਪਤੀ ਨੂੰ ਜਿਊਂਦਾ ਰੱਖ ਰਹੀ ਹੈ, ਅੱਖ ਪਾਸੇ ਨਹੀਂ ਕਰਦੀ। ਇਹ ਸੇਵਾ ਸੰਭਾਲ ਹੀ ਹੈ ਜਿਹੜੀ ਇਸ ਹਾਲਤ ’ਚ ਵੀ ਉਨ੍ਹਾਂ ਦੇ ਪਤੀਆਂ ਲਈ ਜੀਵਨ ਬਣ ਰਹੀ ਹੈ। ਹਰ ਸੰਵੇਦਨਾ ਅਜਿਹੀਆਂ ਔਰਤਾਂ ਨੂੰ ਸਿਜਦਾ ਕਰਨਾ ਚਾਹੇਗੀ।
ਕਿਉਂ ਕੋਈ ਹੋ ਜਾਂਦਾ ਹੈ ਇਸ ਤਰ੍ਹਾਂ? ਬਿਨਾਂ ਸ਼ੱਕ ਮਨੁੱਖ ਵੀ ਤਾਂ ਅਰਬਾਂ, ਕਰੋੜਾਂ ਵਰ੍ਹਿਆਂ ਦੇ ਸਹਿਜ ਵਿਕਾਸ ਦੁਆਰਾ ਕੁਦਰਤ ਦਾ ਵਰੋਸਾਇਆ ਸੂਖ਼ਮ ਅਤੇ ਗੁੰਝਲਦਾਰ ਪ੍ਰਣਾਲੀਆਂ ਵਾਲਾ ਅਦਭੁੱਤ ਯੰਤਰ ਹੀ ਹੈ। ਅਜਿਹਾ ਹੋਣ ਪਿੱਛੇ ਹਾਦਸੇ ਵੀ ਕਾਰਨ ਹਨ, ਦੋਖੀ ਵਿਵਸਥਾ ਵੀ ਅਤੇ ਔਖੀਆਂ ਹਾਲਤਾਂ ਵਿੱਚ ਆਪਣੇ-ਆਪ ਨੂੰ ਜਿਊਣ ਯੋਗ ਬਣਾਈ ਰੱਖਣ ਦੀ ਘਾਟ ਵੀ। ਬਹੁਤ ਜ਼ਰੂਰੀ ਹੈ ਕਿ ਮਨੁੱਖ ਹਾਸਲ ਹੱਦ ਤੱਕ ਆਪਣੇ-ਆਪ ਨੂੰ ਹਾਦਸਿਆਂ ਤੋਂ ਵੀ ਬਚਾਵੇ ਅਤੇ ਇਸ ਵਿਵਸਥਾ ਵਿੱਚ ਰਹਿਣ ਦਾ ਹੁਨਰ ਵੀ ਸਿੱਖੇ ਤਾਂ ਕਿ ਉਹ ਦੂਸਰਿਆਂ ਦਾ ਬੋਝ ਵਡਾਉਣ ਦੀ ਬਜਾਇ ਦੂਸਰਿਆਂ ’ਤੇ ਬੋਝ ਨਾ ਬਣੇ।
ਸੰਪਰਕ: 94174-69290