ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਦੀ ਰਾਜਧਾਨੀ ਦੀ ਗੱਲ

06:53 AM Nov 03, 2024 IST
ਚੰਡੀਗੜ੍ਹ ਦਾ ਕੈਪੀਟਲ ਕੰਪਲੈਕਸ।

ਇੰਦਰਜੀਤ ਸਿੰਘ ਹਰਪੁਰਾ

Advertisement

ਲਾਹੌਰ, ਸੂਬਾ ਪੰਜਾਬ ਦੀ ਸਿਰਫ਼ ਰਾਜਧਾਨੀ ਹੀ ਨਹੀਂ ਰਿਹਾ ਸਗੋਂ ਇਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਤੋਂ ਇਲਾਵਾ ਸੱਤਾ, ਸਿਆਸਤ, ਆਰਥਿਕਤਾ ਤੇ ਸੱਭਿਆਚਾਰ ਦਾ ਕੇਂਦਰ ਵੀ ਰਿਹਾ ਹੈ। ਪੌਰਾਣਿਕ ਕਥਾਵਾਂ ਅਤੇ ਰਾਜਾ ਰਸਾਲੂ ਨਾਲ ਜੁੜੀਆਂ ਕਹਾਣੀਆਂ ਤੋਂ ਲੈ ਕੇ ਚੀਨੀ ਯਾਤਰੀ ਹਿਊਨਸਾਂਗ ਦੇ ਸੰਨ 630 ਵਿੱਚ ਲਿਖੇ ਸਫ਼ਰਨਾਮੇ ਤੱਕ ਲਾਹੌਰ ਦਾ ਜ਼ਿਕਰ ਥਾਂ-ਥਾਂ ’ਤੇ ਆਉਂਦਾ ਹੈ। ਸੰਨ 1008 ਵਿੱਚ ਮਹਿਮੂਦ ਗਜ਼ਨਵੀ ਨੇ ਰਾਜਪੂਤ ਰਾਜੇ ਆਨੰਦਪਾਲ ਨੂੰ ਹਰਾਇਆ ਤੇ 1286 ਵਿੱਚ ਚੰਗੇਜ਼ ਖ਼ਾਨ ਨੇ ਲਾਹੌਰ ਲੁੱਟਿਆ। ਇਸ ਦੀ ਅਸਲੀ ਸ਼ਾਨ ਮੁਗ਼ਲ ਬਾਦਸ਼ਾਹਤ ਦੌਰਾਨ ਬਣੀ ਅਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੇ ਇਸ ਨੂੰ ਚਾਰ ਚੰਨ ਲਾ ਦਿੱਤੇ। ਲਾਹੌਰ ਆਜ਼ਾਦੀ ਲਈ ਅੰਗਰੇਜ਼ਾਂ ਵਿਰੁੱਧ ਲੜੇ ਗਏ ਸੰਘਰਸ਼ ਦਾ ਵੀ ਵੱਡਾ ਕੇਂਦਰ ਸੀ। ਇਸ ਤਰ੍ਹਾਂ ਲਾਹੌਰ ਪੰਜਾਬੀਆਂ ਦੇ ਸੁਪਨਿਆਂ, ਅਕਾਂਖਿਆਵਾਂ, ਸੰਘਰਸ਼ਾਂ ਅਤੇ ਜਿੱਤਾਂ-ਹਾਰਾਂ ਦਾ ਪ੍ਰਤੀਕ ਬਣ ਗਿਆ। ਇੱਕ ਕਹਾਵਤ ਪ੍ਰਚਲਿਤ ਹੈ ਕਿ ‘ਜੀਹਨੇ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਈ ਨਈਂ’। ਲਾਹੌਰ ਪੰਜਾਬ ਤੇ ਪੰਜਾਬੀਆਂ ਦਾ ਮਾਣ ਸੀ। ਕਹਿੰਦੇ ਸਨ ਕਿ ਲਾਹੌਰ ਉੱਪਰ ਜਿਸ ਦਾ ਕਬਜ਼ਾ ਰਿਹਾ ਉਹੀ ਅਸਲ ਵਿੱਚ ਪੰਜਾਬ ਦਾ ਮਾਲਕ ਹੁੰਦਾ ਸੀ। ਇਹੀ ਕਾਰਨ ਸੀ ਕਿ ਜਦੋਂ ਰਣਜੀਤ ਸਿੰਘ ਨੇ ਲਾਹੌਰ ਨੂੰ ਆਪਣੇ ਅਧੀਨ ਕੀਤਾ ਤਾਂ ਉਸ ਤੋਂ ਬਾਅਦ ਹੀ ਉਸ ਨੂੰ ਸ਼ੇਰ-ਏ-ਪੰਜਾਬ ਜਾਂ ਵਾਲੀ-ਏ-ਪੰਜਾਬ ਦਾ ਖਿਤਾਬ ਹਾਸਲ ਹੋਇਆ ਸੀ।

ਲੀ ਕਾਰਬੂਜ਼ੀਏ।

ਵੰਡ ਤੋਂ ਬਾਅਦ ਚੜ੍ਹਦੇ ਪੰਜਾਬ ਵਿੱਚ ਰਹਿੰਦੇ ਤੇ ਲਹਿੰਦੇ ਪੰਜਾਬ ਤੋਂ ਉੱਜੜ ਕੇ ਆਏ ਪੰਜਾਬੀਆਂ ਨੇ ਆਪਣੀ ਮਿਹਨਤ ਮੁਸ਼ੱਕਤ ਨਾਲ ਚੜ੍ਹਦੇ ਪੰਜਾਬ ਦਾ ਨਵਾਂ ਰੂਪ ਸਿਰਜਿਆ। ਇਸੇ ਦੌਰਾਨ ਚੜ੍ਹਦੇ ਪੰਜਾਬ ਨੂੰ ਰਾਜਧਾਨੀ ਦੀ ਲੋੜ ਸੀ। ਸੰਨ 1948 ਵਿੱਚ ਚੜ੍ਹਦੇ ਪੰਜਾਬ ਦੀ ਸਰਕਾਰ ਨੇ ਚੀਫ ਇੰਜੀਨੀਅਰ ਪੀ.ਐੱਲ. ਵਰਮਾ ਦੀ ਅਗਵਾਈ ਹੇਠ ਇੱਕ ਕਮੇਟੀ ਦਾ ਗਠਨ ਕਰਕੇ ਨਵੀਂ ਰਾਜਧਾਨੀ ਲਈ ਢੁੱਕਵੀ ਥਾਂ ਲੱਭਣ ਦਾ ਜ਼ਿੰਮਾ ਸੌਂਪਿਆ, ਪਰ ਇਹ ਕਮੇਟੀ ਰਾਜਧਾਨੀ ਲਈ ਕਿਸੇ ਢੁੱਕਵੀਂ ਥਾਂ ਦੀ ਨਿਸ਼ਾਨਦੇਹੀ ਨਾ ਕਰ ਸਕੀ। ਇਸ ਤੋਂ ਬਾਅਦ ਦੁਬਾਰਾ ਸੰਨ 1948 ਵਿੱਚ ਹੀ ਕੇਂਦਰੀ ਰਾਜਧਾਨੀ ਦਿੱਲੀ ਤੋਂ 240 ਕਿਲੋਮੀਟਰ ਦੂਰ ਚੜ੍ਹਦੇ ਪੰਜਾਬ ਦੇ ਚੰਡੀਮੰਦਰ ਦੇ ਲਾਗਲੇ ਇਲਾਕੇ ਨੂੰ ਪੰਜਾਬ ਦੀ ਨਵੀਂ ਰਾਜਧਾਨੀ ਲਈ ਚੁਣਿਆ ਗਿਆ। ਚੰਡੀ ਮੰਦਰ ਦੇ ਨਾਮ ਉੱਪਰ ਹੀ ਇਸ ਨਵੇਂ ਸ਼ਹਿਰ ਦਾ ਨਾਮ ਚੰਡੀਗੜ੍ਹ ਰੱਖਿਆ ਗਿਆ।
ਚੰਡੀਗੜ੍ਹ ਸ਼ਹਿਰ ਨੂੰ ਬਣਾਉਣ ਦਾ ਸੁਪਨਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੇ ਲਿਆ ਸੀ ਅਤੇ ਅਮਰੀਕੀ ਪਲੈਨਰ ਅਲਬਰਟ ਮੇਅਰ ਨੇ ਰਾਏ ਦਿੱਤੀ ਕਿ ਇਹ ਸ਼ਹਿਰ ਸ਼ਿਵਾਲਿਕ ਦੀਆਂ ਪਹਾੜੀਆਂ ਲਾਗੇ ਬਣਾਇਆ ਜਾਵੇ। ਅਲਬਰਟ ਮੇਅਰ ਅਮਰੀਕਾ ਦੀ ਸਿਟੀ ਬਿਊਟੀਫੁਲ ਲਹਿਰ ਤੋਂ ਪ੍ਰਭਾਵਿਤ ਸੀ ਤੇ ਉਸ ਨੇ ਸੰਨ 1950 ਵਿੱਚ ਇਸ ਸ਼ਹਿਰ ਦੀ ਸ਼ੁਰੂਆਤੀ ਯੋਜਨਾ ਬਣਾਈ। ਅਲਬਰਟ ਮੇਅਰ ਅਤੇ ਉਸ ਦੇ ਸਾਥੀ ਮੈਥਿਊ ਨੋਵਿਕੀ ਨੇ ਚੰਡੀਗੜ੍ਹ ਦੇ ਮਾਸਟਰ ਪਲਾਨ ਉੱਪਰ ਕੰਮ ਕੀਤਾ। ਸੰਨ 1951 ਵਿੱਚ ਮੈਥਿਊ ਨੋਵਿਕੀ ਦੀ ਇੱਕ ਹਵਾਈ ਹਾਦਸੇ ਵਿੱਚ ਮੌਤ ਹੋ ਗਈ ਅਤੇ ਕੁਝ ਹੋਰ ਕਾਰਨਾਂ ਕਰਕੇ ਅਲਬਰਟ ਮੇਅਰ ਇਸ ਪ੍ਰਾਜੈਕਟ ਤੋਂ ਵੱਖ ਹੋ ਗਿਆ।
ਇਸ ਤੋਂ ਬਾਅਦ ਭਾਰਤ ਸਰਕਾਰ ਨੇ ਸਵਿੱਸ-ਫਰਾਂਸੀਸੀ ਵਿਉਂਤਕਾਰ ਲੀ ਕਾਰਬੂਜ਼ੀਏ ਤੱਕ ਪਹੁੰਚ ਕੀਤੀ ਕਿ ਉਹ ਇਸ ਦਾ ਮੁੱਖ ਡਿਜ਼ਾਈਨਰ ਬਣੇ। ਇਸ ਤੋਂ ਬਾਅਦ ਸੰਨ 1951 ਵਿੱਚ ਲੀ ਕਾਰਬੂਜ਼ੀਏ ਚੰਡੀਗੜ੍ਹ ਦੇ ਮੁੱਖ ਵਿਉਂਤਕਾਰ ਬਣਿਆ। ਲੀ ਕਾਰਬੂਜ਼ੀਏ ਨੇ ਚੰਡੀਗੜ੍ਹ ਸ਼ਹਿਰ ਦੀ ਉਸਾਰੀ ਲਈ ਆਪਣੇ ਤਿੰਨ ਪ੍ਰਮੁੱਖ ਆਰਕੀਟੈਕਟ ਮੈਕਸਵੈਲ ਫਰੇ, ਉਸ ਦੀ ਪਤਨੀ ਜੇਨੀ ਬੀ ਡਰਿਊ ਅਤੇ ਆਪਣੇ ਭਤੀਜੇ ਪਾਇਰੀ ਜੇਅਨੇਰੇਤ ਨੂੰ ਲਗਾਇਆ। ਇਨ੍ਹਾਂ ਦਾ ਸਾਥ ਦੇਣ ਲਈ ਨੌਜਵਾਨ ਭਾਰਤੀ ਆਰਕੀਟੈਕਟਸ ਦੀ ਟੀਮ ਲਗਾਈ ਗਈ ਜਿਸ ਵਿੱਚ ਐੱਮ.ਐੱਨ. ਸ਼ਰਮਾ, ਏ.ਆਰ. ਪ੍ਰਭਾਕਰ, ਯੂ.ਈ. ਚੌਧਰੀ, ਜੇ.ਐੱਸ. ਡੇਠੇ, ਬੀ.ਪੀ. ਮਾਥੁਰ, ਅਦਿੱਤਿਆ ਪ੍ਰਕਾਸ਼, ਐੱਨ.ਐੱਸ. ਲਾਂਭਾ ਅਤੇ ਹੋਰ ਸ਼ਾਮਲ ਸਨ।
ਮਾਸਟਰ ਪਲਾਨ ਲੀ ਕਾਰਬੂਜ਼ੀਏ ਨੇ ਵਿਕਸਿਤ ਕੀਤਾ, ਜਿਸਨੇ ਕੈਪੀਟਲ ਕੰਪਲੈਕਸ ਅਤੇ ਸ਼ਹਿਰ ਦੀਆਂ ਮੁੱਖ ਇਮਾਰਤਾਂ ਦੇ ਆਰਕੀਟੈਕਚਰਲ ਕੰਟਰੋਲ ਅਤੇ ਡਿਜ਼ਾਈਨ ਦੀ ਸਥਾਪਨਾ ਕੀਤੀ। ਸਰਕਾਰੀ ਰਿਹਾਇਸ਼ਾਂ, ਸਕੂਲ, ਸ਼ਾਪਿੰਗ ਸੈਂਟਰ ਅਤੇ ਹਸਪਤਾਲ ਦਾ ਡਿਜ਼ਾਈਨ ਤਿੰਨੇ ਸੀਨੀਅਰ ਆਰਕੀਟੈਕਟਾਂ ਵੱਲੋਂ ਕੀਤਾ ਗਿਆ। ਬਾਅਦ ਵਿੱਚ ਮਹਿੰਦਰ ਸਿੰਘ ਰੰਧਾਵਾ ਨੇ ਇਸ ਸ਼ਹਿਰ ਨੂੰ ਸਜਾਉਣ/ਸੰਵਾਰਨ ਵਿੱਚ ਵੱਡਾ ਯੋਗਦਾਨ ਪਾਇਆ।
ਦੋ ਅਪਰੈਲ 1952 ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ਵਿੱਚ ਵੱਸੇ ਪਿੰਡ ਨਗਲਾ ਜਿਹੜਾ ਹੁਣ ਚੰਡੀਗੜ੍ਹ ਦੇ ਸੈਕਟਰ 19 ਤੇ 7 ਦਾ ਹਿੱਸਾ ਹੈ ਅਤੇ ਇਸ ਨੂੰ ਮੱਧਿਆ ਮਾਰਗ ਵੀ ਕਿਹਾ ਜਾਂਦਾ ਹੈ, ਵਿਖੇ ਆਏ ਅਤੇ ਉਨ੍ਹਾਂ ਨੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਨੀਂਹ ਰੱਖੀ। ਤਤਕਾਲੀ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੇ ਆਪਣੇ ਭਾਸ਼ਨ ਦੌਰਾਨ ਕਿਹਾ ਕਿ ਇਹ ਸ਼ਹਿਰ ਹਿੰਦੋਸਤਾਨ ਦੀ ਆਜ਼ਾਦੀ ਅਤੇ ਦੇਸ਼ ਦੇ ਭਵਿੱਖ ਦਾ ਪ੍ਰਤੀਕ ਬਣੇਗਾ।
ਪੰਜਾਬ ਦੀ ਇਹ ਨਵੀਂ ਰਾਜਧਾਨੀ ਪੰਜਾਬ ਦੀ ਉੱਪ ਬੋਲੀ ਪੁਆਧੀ ਨੂੰ ਬੋਲਣ ਵਾਲੇ ਕਈ ਪਿੰਡਾਂ ਦੀ ਜ਼ਮੀਨ ’ਤੇ ਬਣਾਈ ਗਈ। ਪੰਜਾਬ ਦੇ ਜਿਹੜੇ ਪਿੰਡ ਉਜਾੜੇ ਗਏ ਸਨ ਉਨ੍ਹਾਂ ਵਿੱਚ ਬਜਵਾੜੀ (23 ਸੈਕਟਰ), ਦਲਹੇੜੀ ਜੱਟਾਂ (28 ਸੈਕਟਰ), ਦਲਹੇੜੀ (19 ਸੈਕਟਰ), ਗੁਰਦਾਸਪੁਰਾ (28-ਇਡੰਸਟਰੀਅਲ ਏਰੀਆ), ਹਮੀਰਗੜ੍ਹ (ਕੰਚਨਪੁਰ) (7-26 ਸੈਕਟਰ), ਕਾਲੀਬੜ (4-5-8-9 ਸੈਕਟਰ), ਕੈਲੜ (15-16-24 ਸੈਕਟਰ), ਕਾਂਜੀ ਮਾਜਰਾ (14 ਸੈਕਟਰ - ਪੰਜਾਬ ਯੂਨੀਵਰਸਿਟੀ), ਖੇੜੀ (20-30-32 ਚੌਕ), ਮਹਿਲਾ ਮਾਜਰਾ (2-3 ਸੈਕਟਰ), ਨਗਲਾ (27 ਸੈਕਟਰ), ਰਾਮ ਨਗਰ (ਭੰਗੀ ਮਾਜਰਾ) (6-7 ਸੈਕਟਰ), ਰੁੜਕੀ (17-18-21-22 ਸੈਕਟਰ), ਸੈਣੀ ਮਾਜਰਾ (25 ਸੈਕਟਰ), ਸਹਿਜ਼ਾਦਪੁਰ (11-12 ਸੈਕਟਰ) (31-47 ਸੈਕਟਰ), ਬਜਵਾੜਾ (35-36 ਸੈਕਟਰ), ਬਜਵਾੜੀ ਬਖਤਾ (37 ਸੈਕਟਰ/ਬੇ-ਚਿਰਾਗ ਪਿੰਡ), ਫ਼ਤਹਿਗੜ੍ਹ (ਮਾਦੜਾਂ) (33-34 ਸੈਕਟਰ), ਗੱਗੜ ਮਾਜਰਾ (ਏਅਰਪੋਰਟ ਏਰੀਆ), ਕੰਥਾਲਾ (31 ਸੈਕਟਰ, ਟ੍ਰਿਬਿਊਨ ਚੌਕ), ਜੈਪੁਰ, ਸਲਾਹਪੁਰ, ਦਤਾਰਪੁਰ (ਰਾਮ ਦਰਬਾਰ, ਏਅਰਪੋਰਟ ਏਰੀਆ), ਚੂਹੜਪੁਰ, ਕਰਮਾਣ (29 ਸੈਕਟਰ, ਇਡੰਸਟਰੀਅਲ ਏਰੀਆ), ਝੁਮਰੂ (49-50 ਸੈਕਟਰ), ਨਿਜਾਮਪੁਰ (48 ਸੈਕਟਰ), ਸ਼ਾਹਪੁਰ (38 ਸੈਕਟਰ), ਮਨੀਮਾਜਰਾ, ਧਨਾਸ (14 ਸੈਕਟਰ), ਮਲੋਆ, ਡੱਡੂ ਮਾਜਰਾ (39 ਸੈਕਟਰ), ਬਡਹੇੜੀ, ਬੁਟੇਰਲਾ (41 ਸੈਕਟਰ), ਅਟਾਵਾ (42 ਸੈਕਟਰ), ਬੁੜੈਲ (45 ਸੈਕਟਰ), ਕਜਹੇੜੀ (52 ਸੈਕਟਰ), ਮਦਨਪੁਰ (54 ਸੈਕਟਰ), ਪਲਸੌਰਾ (55 ਸੈਕਟਰ) ਸ਼ਾਮਲ ਸਨ।
ਮੁਲਕ ਦੀ ਵੰਡ ਤੋਂ ਬਾਅਦ ਚੜ੍ਹਦੇ ਪੰਜਾਬ ਵਿੱਚ ਬੋਲੀ ਦੇ ਆਧਾਰ ’ਤੇ ਪੰਜਾਬੀ ਸੂਬਾ ਬਣਾਉਣ ਦੀ ਲੰਮੀ ਲਹਿਰ ਚੱਲੀ। ਅਖੀਰ ਵੱਡੇ ਸੰਘਰਸ਼ ਦੇ ਬਾਅਦ ਭਾਸ਼ਾ ਦੇ ਆਧਾਰ ’ਤੇ ਹੁਣ ਵਾਲਾ ਪੰਜਾਬ 1 ਨਵੰਬਰ 1966 ਨੂੰ ਹੋਂਦ ਵਿੱਚ ਆਇਆ। ਚੰਡੀਗੜ੍ਹ ਬਾਰੇ ਕੋਈ ਫ਼ੈਸਲਾ ਨਾ ਹੋ ਸਕਿਆ ਤੇ ਇਸ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਦਾ ਦਰਜਾ ਦੇ ਦਿੱਤਾ ਗਿਆ। ਚੰਡੀਗੜ੍ਹ, ਪੰਜਾਬ ਨੂੰ ਦੇਣ ਬਾਰੇ ਲਹਿਰ ਉੱਠੀ ਜਿਸ ਵਿੱਚ ਸੰਤ ਫਤਹਿ ਸਿੰਘ ਨੇ ਆਪਣੇ ਆਪ ਨੂੰ ਅੱਗ ਲਾ ਕੇ ਆਤਮ-ਬਲੀਦਾਨ ਦੇਣ ਦਾ ਐਲਾਨ ਕੀਤਾ, ਪਰ ਬਾਅਦ ਵਿੱਚ ਇਹ ਫ਼ੈਸਲਾ ਵਾਪਸ ਲੈ ਲਿਆ। ਇਸ ਮੰਗ ਨੂੰ ਮਨਵਾਉਣ ਵਾਸਤੇ ਦਰਸ਼ਨ ਸਿੰਘ ਫੇਰੂਮਾਨ ਨੇ ਵੀ ਕੁਰਬਾਨੀ ਦਿੱਤੀ। ਰਾਜੀਵ-ਲੌਂਗੋਵਾਲ ਸਮਝੌਤੇ ਦੌਰਾਨ ਇਹ ਤੈਅ ਹੋਇਆ ਕਿ ਚੰਡੀਗੜ੍ਹ ਪੰਜਾਬ ਨੂੰ ਦੇ ਦਿੱਤਾ ਜਾਵੇਗਾ। ਇਸ ਸਮਝੌਤੇ ਦੀਆਂ ਕੁਝ ਹੋਰ ਸ਼ਰਤਾਂ ਤੇ ਗੁੰਝਲਾਂ ਸਨ ਜਿਨ੍ਹਾਂ ਦਾ ਹੱਲ ਨਾ ਲੱਭਿਆ ਜਾ ਸਕਿਆ ਅਤੇ ਚੰਡੀਗੜ੍ਹ ਪੰਜਾਬ ਨੂੰ ਮਿਲਦਾ ਮਿਲਦਾ ਰਹਿ ਗਿਆ।
ਕੋਈ ਵੀ ਸੂਬਾ ਰਾਜਧਾਨੀ ਤੋਂ ਬਿਨਾਂ ਜਿਊਂਦਾ ਨਹੀਂ ਰਹਿ ਸਕਦਾ। ਰਾਜਧਾਨੀ ਸਿਰਫ਼ ਦਫ਼ਤਰਾਂ, ਇਮਾਰਤਾਂ ਅਤੇ ਖ਼ਰੀਦੋ-ਫਰੋਖ਼ਤ ਲਈ ਖੁੱਲ੍ਹੇ ਸ਼ਾਪਿੰਗ ਮਾਲਜ਼ ਦਾ ਨਾਂ ਹੀ ਨਹੀਂ ਹੁੰਦੀ ਸਗੋਂ ਉਸ ਸੂਬੇ ਦੇ ਲੋਕਾਂ ਲਈ ਇੱਕ ਇਹੋ ਜਿਹਾ ਪ੍ਰਤੀਕ ਹੁੰਦੀ ਹੈ ਜਿੱਥੇ ਉਹ ਆਪਣੇ ਸੂਬੇ ਦੀ ਸੱਤਾ ਅਤੇ ਸੱਭਿਆਚਾਰ ਨੂੰ ਊਰਜਾਮਈ ਰੂਪ ਵਿੱਚ ਵੇਖਣਾ ਚਾਹੁੰਦੇ ਹਨ। ਜੋ ਅਹਿਮੀਅਤ ਦਿੱਲੀ ਦੀ ਹਿੰਦੋਸਤਾਨ ਲਈ ਹੈ, ਪੈਰਿਸ ਦੀ ਫਰਾਂਸ ਲਈ ਹੈ, ਮੁੰਬਈ ਦੀ ਮਹਾਰਾਸ਼ਟਰ ਲਈ ਹੈ ਤੇ ਚੇਨੱਈ ਦੀ ਤਾਮਿਲਨਾਡੂ ਲਈ ਹੈ, ਉਹੀ ਮਹੱਤਵ ਚੰਡੀਗੜ੍ਹ ਦਾ ਪੰਜਾਬ ਲਈ ਹੈ। ਇਸ ਨਾਲ ਪੰਜਾਬੀਆਂ ਦੀਆਂ ਸਿਮਰਤੀਆਂ ਤੇ ਭਾਵਨਾਵਾਂ ਜੁੜੀਆਂ ਹੋਈਆਂ ਹਨ। ਜਦ ਚੰਡੀਗੜ੍ਹ ਬਣ ਰਿਹਾ ਸੀ ਤਾਂ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਨੂੰ ਲੱਗਦਾ ਸੀ ਕਿ ਇੱਕ ਨਵਾਂ ਲਾਹੌਰ ਬਣ ਰਿਹਾ ਹੈ। ਸਿਟੀ ਬਿਊਟੀਫੁੱਲ- ਚੰਡੀਗੜ੍ਹ ਬਾਰੇ ਪੰਜਾਬੀਆਂ ਦੇ ਮਨ ਵਿੱਚ ਪੱਕੀ ਛਾਪ ਹੈ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ।
ਇਤਿਹਾਸਕਾਰ ਆਰਨਲਡ ਟੋਨੀਬੀ ਦਾ ਕਹਿਣਾ ਹੈ ਕਿ ਰਾਜਧਾਨੀਆਂ ਸਵੈਮਾਣ ਲਈ ਬਣਾਈਆਂ ਜਾਂਦੀਆਂ ਹਨ। ਚੰਡੀਗੜ੍ਹ ਪੰਜਾਬ ਦੇ ਸਵੈਮਾਣ ਦਾ ਪ੍ਰਤੀਕ ਹੈ। ਉੱਘੇ ਵਿਦਵਾਨ ਸਵਰਾਜਬੀਰ ਲਿਖਦੇ ਹਨ ਕਿ ਚੰਡੀਗੜ੍ਹ ਪੰਜਾਬ ਨਾਲ ਇਉਂ ਜੁੜ ਗਿਆ ਹੈ ਜਿਵੇਂ ਲਾਹੌਰ ਜੁੜਿਆ ਹੋਇਆ ਸੀ। ਲਾਹੌਰ ਬਾਰੇ ਹਿੰਦੋਸਤਾਨ ਦੇ ਸ਼ਹਿਨਸ਼ਾਹ ਸ਼ਾਹਜਹਾਂ ਦੇ ਵੱਡੇ ਪੁੱਤਰ ਅਤੇ ਸੁਯੋਗ ਵਿਦਵਾਨ ਦਾਰਾ ਸ਼ਿਕੋਹ ਨੇ ਲਿਖਿਆ ਸੀ, ‘‘ਯਾ ਖ਼ੁਦਾ ਪੰਜਾਬ ਵਿੱਚ ਅਮਨ ਬਣਾਈ ਰੱਖੀਂ, ਸੰਤਾਂ ਦੀ ਇਸ ਧਰਤੀ ਨੂੰ ਬਚਾਈ ਰੱਖੀਂ, ਇਹ ਮੇਰਾ ਸ਼ਹਿਰ ਲਾਹੌਰ, ਹਮੇਸ਼ਾਂ ਖੇੜੇ ਵਿੱਚ ਰਹੇ ਅਤੇ ਏਥੇ ਨਾ ਕਦੇ ਕਾਲ ਪਏ ਅਤੇ ਨਾ ਕੋਈ ਵਬਾ ਫੈਲੇ।’’ ਇਨ੍ਹਾਂ ਤੁੱਕਾਂ ਵਿੱਚੋਂ ਜੇਕਰ ਲਾਹੌਰ ਦਾ ਨਾਂ ਕੱਢ ਦੇਈਏ ਤੇ ਇਹ ਦੁਆ ਚੰਡੀਗੜ੍ਹ ’ਤੇ ਬਿਲਕੁਲ ਢੁੱਕਦੀ ਹੈ।
ਜਿਵੇਂ ਚੜ੍ਹਦੇ ਪੰਜਾਬ ਤੋਂ ਲਾਹੌਰ ਵਿੱਛੜ ਗਿਆ ਹੈ, ਉਵੇਂ ਹੀ ਚੰਡੀਗੜ੍ਹ ਪੰਜਾਬ ਦਾ ਹੋ ਕੇ ਵੀ ਪੰਜਾਬ ਦਾ ਨਾ ਹੋ ਸਕਿਆ। ਦੇਖੋ ਆਖਰ ਪੰਜਾਬ ਨੂੰ ਆਪਣੀ ਰਾਜਧਾਨੀ ਦਾ ਸਵੈਮਾਣ ਕਦੋਂ ਮਿਲਦਾ ਹੈ।
ਸੰਪਰਕ: 98155-77574

Advertisement

Advertisement