ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਿੰਨ ਪਿੰਡਾਂ ਦੀ 200 ਏਕਡ਼ ਦੇ ਕਰੀਬ ਫ਼ਸਲ ਪਾਣੀ ਵਿੱਚ ਡੁੱਬੀ

10:33 AM Jul 01, 2023 IST
ਮੀਂਹ ਦੇ ਪਾਣੀ ਵਿੱਚ ਡੁੱਬੀ ਹੋਏ ਝੋਨੇ ਦੀ ਫ਼ਸਲ ਦਿਖਾਉਂਦਾ ਹੋਇਆ ਇਲਾਕੇ ਦਾ ਇੱਕ ਕਿਸਾਨ।

ਕਰਮਜੀਤ ਸਿੰਘ ਚਿੱਲਾ
ਬਨੂਡ਼, 30 ਜੂਨ
ਬਨੂਡ਼ ਖੇਤਰ ਵਿੱਚ ਵੀਰਵਾਰ ਨੂੰ ਹੋਈ ਭਾਰੀ ਬਾਰਿਸ਼ ਕਾਰਨ ਅਤੇ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪਿੰਡ ਰਾਮਪੁਰ ਖੁਰਦ, ਬਲਮਾਜਰਾ ਅਤੇ ਬੂਟਾ ਸਿੰਘ ਵਾਲਾ ਦੇ ਕਿਸਾਨਾਂ ਦੀ 200 ਏਕਡ਼ ਦੇ ਕਰੀਬ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਇਸ ਵਿੱਚ ਜ਼ਿਆਦਾ ਝੋਨੇ ਦੀ ਫ਼ਸਲ ਹੈ। ਮੱਕੀ, ਮਿਰਚਾਂ ਅਤੇ ਚਾਰਿਆਂ ਵਿੱਚ ਵੀ ਪਾਣੀ ਭਰਿਆ ਖਡ਼੍ਹਾ ਹੈ। ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੇ ਮੁਹਾਲੀ ਅਤੇ ਰਾਜਪੁਰਾ ਦੇ ਐੱਸਡੀਐੱਮਜ਼, ਬੀਡੀਪੀਓਜ਼, ਡੀਐੱਸਪੀਜ਼ ਨੂੰ ਮੰਗ ਪੱਤਰ ਦੇ ਕੇ ਪਾਣੀ ਦਾ ਨਿਕਾਸ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਉੱਧਰ, ਸ਼ਹਿਰ ਵਿੱਚ ਨਿਕਾਸੀ ਦੇ ਨਾਕਸ ਪ੍ਰਬੰਧਾਂ ਤੋਂ ਅੱਕੇ ਦੁਕਾਨਦਾਰਾਂ ਵੱਲੋਂ ਕੌਂਸਲ ਦੇ ਕਾਰਜਸਾਧਕ ਅਫ਼ਸਰ ਦੇ ਦਫ਼ਤਰ ਅੱਗ ਧਰਨਾ ਦਿੱਤਾ ਗਿਆ।
ਪਿੰਡ ਰਾਮਪੁਰ ਖੁਰਦ ਦੇ ਗੁਰਵਿੰਦਰ ਸਿੰਘ, ਬੂਟਾ ਸਿੰਘ ਵਾਲਾ ਦੇ ਜੋਗਿੰਦਰ ਸਿੰਘ, ਬਲਮਾਜਰਾ ਦੇ ਭਗਤ ਸਿੰਘ ਨੇ ਦੱਸਿਆ ਕਿ ਪਾਣੀ ਦੇ ਨਿਕਾਸ ਲਈ ਸਡ਼ਕੀ ਪੁਲੀ ਲੱਗੀ ਹੋਈ ਹੈ, ਜਿਸ ਮਗਰੋਂ ਪਾਣੀ ਨਾਲੇ ਵਿੱਚ ਡਿੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੁਲੀ ਦੇ ਨਾਲ ਲੱਗਦੀ ਜ਼ਮੀਨ ਦੇ ਇੱਕ ਮਾਲਕ ਵੱਲੋਂ ਤਿੰਨ-ਤਿੰਨ ਫੁੱਟ ਦਾ ਬੰਨ੍ਹ ਮਾਰ ਦਿੱਤਾ ਗਿਆ ਹੈ, ਜਿਸ ਨਾਲ ਪਾਣੀ ਦੀ ਸਮੁੱਚੀ ਨਿਕਾਸੀ ਰੁਕ ਗਈ ਹੈ।
ਉਨ੍ਹਾਂ ਕਿਹਾ ਕਿ ਜੇਕਰ ਇੱਕ ਦੋ ਦਿਨਾਂ ਵਿੱਚ ਪਾਣੀ ਨਾ ਉਤਰਿਆ ਤਾਂ ਉਨ੍ਹਾਂ ਦੀਆਂ ਸਮੁੱਚੀਆਂ ਫ਼ਸਲਾਂ ਖਰਾਬ ਹੋ ਜਾਣਗੀਆਂ। ਖਾਲੀ ਖੇਤਾਂ ਵਿੱਚ ਭਰੇ ਪਾਣੀ ਕਾਰਨ ਝੋਨਾ ਲਾਉਣਾ ਵੀ ਮੁਸ਼ਕਲ ਹੋ ਜਾਵੇਗਾ। ਕਿਸਾਨਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਖੇਤਾਂ ਅਤੇ ਫ਼ਸਲਾਂ ਵਿੱਚੋਂ ਪਾਣੀ ਨਾ ਕਢਾਇਆ ਗਿਆ ਤਾਂ ਉਹ ਕੌਮੀ ਮਾਰਗ ਜਾਮ ਕਰਨ ਤੋਂ ਗੁਰੇਜ਼ ਨਹੀਂ ਕਰਨਗੇ। ਇਸੇ ਦੌਰਾਨ ਬਾਅਦ ਦੁਪਹਿਰ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੇ ਪੁਲੀਸ ਫੋਰਸ ਨੂੰ ਨਾਲ ਲੈ ਕੇ ਸਬੰਧਤ ਖੇਤਰ ਦਾ ਨਿਰੀਖਣ ਕੀਤਾ। ਗੁਰਵਿੰਦਰ ਸਿੰਘ ਰਾਮਪੁਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪਾਣੀ ਦਾ ਨਿਕਾਸ ਕਰਨ ਲਈ ਦੋ ਥਾਵਾਂ ਤੋਂ ਉੱਚੀਆਂ ਵੱਟਾਂ ਦੇ ਨੱਕੇ ਖੁੱਲ੍ਹਵਾਏ ਗਏ ਹਨ, ਜਿਸ ਨਾਲ ਪਾਣੀ ਉਤਰਨਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਮਾਮਲੇ ਦੇ ਪੱਕੇ ਹੱਲ ਦੀ ਮੰਗ ਕੀਤੀ ਹੈ। ਇਸੇ ਦੌਰਾਨ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਨੂਡ਼ ਦੀਆਂ ਦੁਕਾਨਾਂ ਵਿੱਚ ਬਾਰਿਸ਼ ਦਾ ਪਾਣੀ ਵਡ਼ਨ ਤੋਂ ਖ਼ਫ਼ਾ ਦੁਕਾਨਦਾਰਾਂ ਨੇ ਅੱਜ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਦੇ ਦਫ਼ਤਰ ਮੂਹਰੇ ਧਰਨਾ ਦਿੱਤਾ। ਦੁਕਾਨਦਾਰਾਂ ਨੇ ਕੌਂਸਲ ਦਫ਼ਤਰ ਅੱਗੇ ਨਾਅਰੇਬਾਜ਼ੀ ਵੀ ਕੀਤੀ।
ਦੁਕਾਨਦਾਰਾਂ ਵੱਲੋਂ ਇੱਕ ਘੰਟੇ ਦੇ ਕਰੀਬ ਲਗਾਏ ਗਏ ਧਰਨੇ ਦੌਰਾਨ ਬਸਪਾ ਆਗੂ ਜਗਜੀਤ ਸਿੰਘ ਛਡ਼ਬਡ਼੍ਹ ਅਤੇ ਭਾਜਪਾ ਆਗੂ ਰਿੰਕੂ ਸਲੇਮਪੁਰ ਵੀ ਦੁਕਾਨਦਾਰਾਂ ਦੇ ਹੱਕ ਵਿੱਚ ਧਰਨੇ ਵਿੱਚ ਸ਼ਾਮਲ ਹੋਏ। ਮੌਕੇ ’ਤੇ ਪਹੁੰਚੇ ਹੁਕਮਰਾਨ ਧਿਰ ਦੇ ਆਗੂਆਂ ਐਡਵੋਕੇਟ ਬਿਕਰਮਜੀਤ ਪਾਸੀ, ਐਡਵੋਕੇਟ ਕਿਰਨਜੀਤ ਪਾਸੀ ਅਤੇ ਅਵਤਾਰ ਸਿੰਘ ਨੇ ਦੁਕਾਨਦਾਰਾਂ ਨੂੰ ਸ਼ਾਂਤ ਕੀਤਾ। ਉਨ੍ਹਾਂ ਦੁਕਾਨਦਾਰਾਂ ਦੀ ਈਓ ਨਾਲ ਮੀਟਿੰਗ ਕਰਵਾਈ ਅਤੇ ਦੁਕਾਨਦਾਰਾਂ ਦੀ ਮੰਗ ਉੱਤੇ ਈਓ ਨੂੰ ਨਾਲ ਲੈ ਕੇ ਸਾਰੀਆਂ ਥਾਵਾਂ ਦਾ ਨਿਰੀਖਣ ਕੀਤਾ। ਈਓ ਵੱਲੋਂ ਆਰਜ਼ੀ ਤੌਰ ’ਤੇ ਪਾਣੀ ਦੀ ਨਿਕਾਸੀ ਲਈ ਨਾਲਿਆਂ ਦੀ ਸਫ਼ਾਈ ਸ਼ੁਰੂ ਕਰਵਾਏ ਜਾਣ ਮਗਰੋਂ ਦੁਕਾਨਦਾਰਾਂ ਨੇ ਧਰਨਾ ਸਮਾਪਤ ਕੀਤਾ। ਪੀਡ਼ਤ ਦੁਕਾਨਦਾਰਾਂ ਪਰਮਜੀਤ ਸਿੰਘ ਬਿੱਲੂ, ਧੰਨਾ ਸਿੰਘ, ਰਿੰਕੂ ਬਾਂਸਲ, ਕੁਲਦੀਪ ਸਿੰਘ, ਰਾਜੇਸ਼ ਬਾਂਸਲ, ਧਰਮ ਸਿੰਘ, ਇੰਦਰ ਸਿੰਘ, ਪਰਵਿੰਦਰ ਰਿੱਕੀ, ਇੰਦਰਜੀਤ ਕਾਲਰਾ, ਅਸ਼ਵਿੰਦਰ ਸਿੰਘ ਸਮੇਤ ਤਿੰਨ ਦਰਜਨ ਦੇ ਕਰੀਬ ਦੁਕਾਨਦਾਰ ਇਕੱਠੇ ਹੋ ਕੇ 11 ਵਜੇ ਦੇ ਕਰੀਬ ਈਓ ਜਗਜੀਤ ਸਿੰਘ ਜੱਜ ਨੂੰ ਮਿਲਣ ਲਈ ਕੌਂਸਲ ਦਫ਼ਤਰ ਪਹੁੰਚੇ ਸਨ। ਦੁਕਾਨਦਾਰ ਈਓ ਨੂੰ ਖ਼ੁਦ ਜਾ ਕੇ ਮੌਕਾ ਦੇਖਣ ਤੇ ਲੋਡ਼ੀਂਦਾ ਪ੍ਰਬੰਧ ਕਰਨ ਲਈ ਕਹਿ ਰਹੇ ਸਨ ਪਰ ਕਾਰਜਸਾਧਕ ਅਫ਼ਸਰ ਨੇ ਸੈਨੇਟਰੀ ਇੰਸਪੈਕਟਰ ਨੂੰ ਮੌਕਾ ਦੇਖਣ ਲਈ ਭੇਜਿਆ। ਇਸ ’ਤੇ ਦੁਕਾਨਦਾਰ ਭਡ਼ਕ ਗਏ ਅਤੇ ਧਰਨੇ ’ਤੇ ਬੈਠ ਗਏ। ਈਓ ਨੇ ਇਸ ਮੌਕੇ ਆਖਿਆ ਕਿ ਪਾਣੀ ਦੇ ਨਿਕਾਸ ਲਈ 34 ਕਰੋਡ਼ ਦਾ ਟੈਂਡਰ ਦਿੱਤਾ ਹੋਇਆ ਹੈ। ਠੇਕੇਦਾਰ ਨੂੰ ਕੰਮ ਆਰੰਭ ਕਰਨ ਲਈ ਅੱਜ ਆਖਰੀ ਨੋਟਿਸ ਦਿੱਤਾ ਗਿਆ ਹੈ। ਕੰਮ ਨਾ ਸ਼ੁਰੂ ਕਰਨ ’ਤੇ ਠੇਕੇਦਾਰ ਨੂੰ ਬਲੈਕਲਿਸਟ ਕਰ ਕੇ ਨਵੇਂ ਸਿਰਿਓਂ ਕੰਮ ਦੀ ਅਲਾਟਮੈਂਟ ਕਰ ਦਿੱਤੀ ਜਾਵੇਗੀ ਤੇ ਪਾਣੀ ਦੇ ਨਿਕਾਸ ਦਾ ਸਥਾਈ ਪ੍ਰਬੰਧ ਹੋ ਜਾਵੇਗਾ।

Advertisement

 

ਜ਼ੀਰਕਪੁਰ ਵਿੱਚ ਪਾਣੀ ਭਰਨ ਮਗਰੋਂ ਜਾਗਿਆ ਪ੍ਰਸ਼ਾਸਨ; ਐੱਸਡੀਐੱਮ ਵੱਲੋਂ ਡਰੇਨੇਜ ਸਾਫ ਕਰਨ ਦੀ ਹਦਾਇਤ

Advertisement

ਐੱਸਡੀਐੱਮ ਹਿਮਾਂਸ਼ੂ ਗੁਪਤਾ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ। -ਫੋਟੋ: ਰੂਬਲ

ਜ਼ੀਰਕਪੁਰ (ਹਰਜੀਤ ਸਿੰਘ): ਸ਼ਹਿਰ ਵਿੱਚ ਬੀਤੇ ਕੱਲ੍ਹ ਪਏ ਮੌਨਸੂਨ ਦੀ ਪਹਿਲੇ ਮੀਂਹ ਦੌਰਾਨ ਹੋਏ ਜਲਥਲ ਮਗਰੋਂ ਅੱਜ ਸਥਾਨਕ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ। ਐੱਸਡੀਐੱਮ ਹਿਮਾਂਸ਼ੂ ਗੁਪਤਾ ਵੱਲੋਂ ਅੱਜ ਸੜਕ ਦੀ ਉਸਾਰੀ ਕਰਨ ਵਾਲੀ ਕੰਪਨੀ ਜੀਐੱਮਆਰ, ਨਗਰ ਕੌਂਸਲ ਅਤੇ ਟਰੈਫਿਕ ਪੁਲੀਸ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਐੱਸਡੀਐੱਮ ਵੱਲੋਂ ਅਧਿਕਾਰੀਆਂ ਨਾਲ ਮੌਕੇ ’ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਉਨ੍ਹਾਂ ਨਾਲ ਕੌਂਸਲ ਦੇ ਕਾਰਜਸਾਧਕ ਅਫਸਰ ਰਵਨੀਤ ਸਿੰਘ ਢੋਟ, ਟਰੈਫਿਕ ਪੁਲੀਸ ਦੇ ਇੰਚਾਰਜ ਇੰਸਪੈਕਟਰ ਰਾਜਪਾਲ ਸਿੰਘ ਗਿੱਲ ਸਣੇ ਹੋਰ ਅਧਿਕਾਰੀ ਹਾਜ਼ਰ ਸਨ। ਸ੍ਰੀ ਗੁਪਤਾ ਨੇ ਕੌਮੀ ਸ਼ਾਹਰਾਹ ਅਥਾਰਿਟੀ ਦੇ ਅਧਿਕਾਰੀਆਂ ਨੂੰ ਸ਼ਹਿਰ ਵਿੱਚ ਬੰਦ ਪਏ ਨਾਲਿਆਂ ਨੂੰ ਮੁੜ ਤੋਂ ਖੋਲ੍ਹਣ ਦਾ ਕੰਮ ਚਾਲੂ ਕਰਨ ਲਈ ਕਿਹਾ ਤਾਂ ਜੋ ਮੌਨਸੂਨ ਦੌਰਾਨ ਪਾਣੀ ਵਿੱਚ ਕੋਈ ਅੜਿੱਕਾ ਪੈਦਾ ਨਾ ਹੋਏ। ਪਟਿਆਲਾ ਚੌਕ ਵਿੱਚ ਪਾਣੀ ਭਰਨ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਨਗਰ ਕੌਂਸਲ ਵੱਲੋਂ ਵਿਛਾਈ ਗਈ ਵਿਸ਼ੇਸ਼ ਪਾਈਪ ਲਾਈਨ ਦੇ ਚੈਂਬਰਾਂ ਨੂੰ ਸੜਕ ਤੋਂ ਉੱਚਾ ਰੱਖਣ ਕਾਰਨ ਇਸ ਵਿੱਚ ਚੰਗੀ ਤਰ੍ਹਾਂ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਸੀ। ਇਸ ਨੂੰ ਦੇਖਦਿਆਂ ਸ੍ਰੀ ਗੁਪਤਾ ਨੇ ਠੇਕੇਦਾਰ ਨੂੰ ਚੈਂਬਰਾਂ ਨੂੰ ਸੜਕ ਦੇ ਪੱਧਰ ’ਤੇ ਕਰਵਾਉਣ ਦੀ ਹਦਾਇਤ ਕੀਤੀ ਤਾਂ ਜੋ ਪਾਣੀ ਦਾ ਸਹੀ ਤਰੀਕੇ ਨਾਲ ਨਿਕਾਸ ਹੋ ਸਕੇ ਅਤੇ ਪਟਿਆਲਾ ਚੌਕ ਵਿੱਚ ਪਾਣੀ ਨਾ ਭਰੇ। ਉਨ੍ਹਾਂ ਸੜਕ ਦੀ ਉਸਾਰੀ ਕਰਨ ਵਾਲੀ ਕੰਪਨੀ ਦੇ ਅਧਿਕਾਰੀਆਂ ਨੂੰ ਫਲਾਈਓਵਰ ਤੋਂ ਹੇਠਾਂ ਡਿੱਗਣ ਵਾਲੇ ਪਾਣੀ ਦਾ ਹੱਲ ਕੱਢਣ ਦੀ ਹਦਾਇਤ ਕੀਤੀ। ਉਨ੍ਹਾਂ ਪੀਆਰਟੀਸੀ ਨੂੰ ਹਦਾਇਤ ਕੀਤੀ ਕਿ ਉਹ ਬੱਸ ਸਟੈਂਡ ਵਿੱਚ ਬੱਸਾਂ ਦੇ ਦਾਖ਼ਲੇ ਅਤੇ ਨਿਕਾਸੀ ਦੇ ਢੁੱਕਵੇਂ ਪ੍ਰਬੰਧ ਕਰਨ ਤਾਂ ਜੋ ਸ਼ਹਿਰ ਵਿੱਚ ਥਾਂ-ਥਾਂ ਸਵਾਰੀਆਂ ਨੂੰ ਬਿਠਾਉਣ ਕਾਰਨ ਲੱਗਣ ਵਾਲੇ ਜਾਮ ਤੋਂ ਰਾਹਤ ਮਿਲ ਸਕੇ। ਐੱਸਡੀਐੱਮ ਨੇ ਢਕੋਲੀ ਫਾਟਕ ’ਤੇ ਬਣਨ ਵਾਲੇ ਰੇਲਵੇ ਅੰਡਰਪਾਸ ਤੋਂ ਪਹਿਲਾਂ ਇਸ ਸੜਕ ’ਤੇ ਹੋਏ ਨਾਜਾਇਜ਼ ਕਬਜ਼ੇ ਹਟਾਉਣ ਦੀ ਹਦਾਇਤ ਵੀ ਕੀਤੀ ਤਾਂ ਜੋ ਜਾਮ ਤੋਂ ਨਿਜਾਤ ਮਿਲ ਸਕੇ।

Advertisement
Tags :
ਏਕਡ਼ਕਰੀਬਡੁੱਬੀਤਿੰਨਪਾਣੀ:ਪਿੰਡਾਂਵਿੱਚ