For the best experience, open
https://m.punjabitribuneonline.com
on your mobile browser.
Advertisement

ਪਰਮਾਣੂ ਹਥਿਆਰਾਂ ਦਾ ਖ਼ਾਤਮਾ ਜ਼ਰੂਰੀ: ਡਾ. ਮਿੱਤਰਾ

08:04 AM Aug 07, 2024 IST
ਪਰਮਾਣੂ ਹਥਿਆਰਾਂ ਦਾ ਖ਼ਾਤਮਾ ਜ਼ਰੂਰੀ  ਡਾ  ਮਿੱਤਰਾ
ਵਿਚਾਰ ਚਰਚਾ ਦੌਰਾਨ ਡਾ. ਅਰੁਣ ਮਿੱਤਰਾ ਸੰਬੋਧਨ ਕਰਦੇ ਹੋਏ।
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਅਗਸਤ
ਹੀਰੋਸ਼ੀਮਾ ਦਿਵਸ ਨੂੰ ਸਮਰਪਿਤ ‘ਹੁਣ ਹੋਰ ਯੁੱਧ ਨਹੀਂ’ ਵਿਸ਼ੇ ’ਤੇ ਵਿਚਾਰ ਗੋਸ਼ਟੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨ ਵਿੱਚ ਕੀਤੀ ਗਈ। ਇਸ ਮੌਕੇ 6 ਅਗਸਤ ਨੂੰ ਜਪਾਨ ਦੇ ਨਗਰ ਹੀਰੋਸ਼ੀਮਾ ਉੱਪਰ ਅਮਰੀਕਾ ਵੱਲੋਂ ਪਰਮਾਣੂ ਬੰਬ ਸੁੱਟਣ ਕਰਕੇ 2 ਲੱਖ ਲੋਕ ਜਿਨ੍ਹਾਂ ਵਿੱਚ 38 ਹਜ਼ਾਰ ਦੇ ਕਰੀਬ ਬੱਚੇ ਮਾਰੇ ਗਏ ਸਨ, ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਮੌਕੇ ਮੁੱਖ ਬੁਲਾਰੇ ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ (ਆਈਡੀਪੀਡੀ) ਦੇ ਕੌਮੀ ਪ੍ਰਧਾਨ ਡਾ. ਅਰੁਣ ਮਿੱਤਰਾ ਨੇ ਕਿਹਾ ਕਿ ਪਰਮਾਣੂ ਬੰਬ ਨਾਲ ਧਮਾਕਾ, ਗਰਮੀ ਅਤੇ ਫ਼ੈਲਣ ਵਾਲੀਆਂ ਕਿਰਨਾਂ ਦੇ ਕਾਰਨ ਮੌਤਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦੁਨੀਆਂ ਵਿੱਚ 16 ਹਜ਼ਾਰ ਦੇ ਕਰੀਬ ਪਰਮਾਣੂ ਹਥਿਆਰ ਮੌਜੂਦ ਹਨ ਜਿਹੜੇ ਅਗਰ ਵਰਤੇ ਗਏ ਤਾਂ ਸਾਰੀ ਆਧੁਨਿਕ ਸੱਭਿਅਤਾ ਸਮਾਪਤ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿੱਚ ਜੇ 100 ਪਰਮਾਣੂ ਹਥਿਆਰ ਵਰਤੇ ਗਏ ਤਾਂ ਦੁਨੀਆਂ ਭਰ ਦੇ ਵਿੱਚ ਦੋ ਅਰਬ ਲੋਕ ਮਾਰੇ ਜਾਣਗੇ। ਉਨ੍ਹਾਂ ਕਿਹਾ ਕਿ ਪਰਮਾਣੂ ਹਥਿਆਰਾਂ ਦਾ ਮੁਕੰਮਲ ਖਾਤਮਾ ਹੋਣਾ ਚਾਹੀਦਾ ਹੈ ਤੇ ਇੱਕ ਵੀ ਹਥਿਆਰ ਦੁਨੀਆਂ ਵਿੱਚ ਨਹੀਂ ਹੋਣਾ ਚਾਹੀਦਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਦੁਨੀਆਂ ਵਿੱਚ ਚੱਲ ਰਹੀਆਂ ਜੰਗਾਂ ਕਾਰਨ ਜਾਨ ਮਾਲ ਦਾ ਨੁਕਸਾਨ ਹੋ ਰਿਹਾ ਹੈ ਅਤੇ ਭੁੱਖਮਰੀ ਫ਼ੈਲ ਰਹੀ ਹੈ। ਯੂਕਰੇਨ ਵਿੱਚ ਚਲ ਰਹੀ ਲੜਾਈ ਕਾਰਨ ਪਰਮਾਣੂ ਯੁੱਧ ਦਾ ਖਤਰਾ ਮੰਡਰਾ ਰਿਹਾ ਹੈ ਅਤੇ ਇਸ ਸਥਿਤੀ ਨੂੰ ਸੁਧਾਰਨ ਲਈ ਦੁਨੀਆਂ ਭਰ ਵਿੱਚ ਅਮਨ ਲਹਿਰ ਦੀ ਆਵਾਜ਼ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਸੋਸ਼ਲ ਥਿੰਕਰਜ਼ ਫੋਰਮ ਦੇ ਕਨਵੀਨਰ ਐੱਮਐੱਸ ਭਾਟੀਆ ਨੇ ਕਿਹਾ ਕਿ ਸਾਨੂੰ ਵਿਸ਼ਵ ਸ਼ਾਂਤੀ ਨੂੰ ਤਰਜੀਹ ਦੇ ਤੌਰ ’ਤੇ ਲੈਣਾ ਚਾਹੀਦਾ ਹੈ ਕਿਉਂਕਿ ਸ਼ਾਂਤੀ ਦੇ ਬਿਨਾਂ ਕਦੇ ਵੀ ਵਿਕਾਸ ਨਹੀਂ ਹੋ ਸਕਦਾ। ਭਾਰਤ ਜਨ ਗਿਆਨ ਵਿਗਿਆਨ ਜਥਾ ਦੇ ਪ੍ਰਧਾਨ ਕੌਮੀ ਪੁਰਸਕਾਰ ਜੇਤੂ ਰਣਜੀਤ ਸਿੰਘ ਨੇ ਕਿਹਾ ਕਿ ਉਹ ਲਗਾਤਾਰ ਕੋਸ਼ਿਸ਼ ਕਰਨਗੇ ਕਿ ਵਾਤਾਵਰਣ ਦੀ ਸੰਭਾਲ ਅਤੇ ਵਿਸ਼ਵ ਸ਼ਾਂਤੀ ਲਈ ਵੱਖ ਵੱਖ ਸਕੂਲਾਂ ਵਿੱਚ ਜਾ ਕੇ ਜਨ ਚੇਤਨਾ ਪੈਦਾ ਕੀਤੀ ਜਾਏ। ਸਕੂਲ ਪ੍ਰਿੰਸੀਪਲ ਕਰਮਜੀਤ ਕੌਰ ਨੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਵਿਸ਼ੇ ’ਤੇ ਵਿਚਾਰ ਚਰਚਾ ਜ਼ਰੂਰ ਕਰਨ ਤੇ ਦੁਨੀਆਂ ਵਿੱਚ ਸਥਾਈ ਸ਼ਾਂਤੀ ਲਈ ਆਪਣਾ ਯੋਗਦਾਨ ਪਾਉਣ।

Advertisement

Advertisement
Advertisement
Author Image

sukhwinder singh

View all posts

Advertisement