ਅਬੋਹਰ ਦੀ ਬਾਗਬਾਨੀ ਮੰਦੀ ਦੀ ਕਗਾਰ’ਤੇ
ਪਰਮਜੀਤ ਸਿੰਘ
ਫਾਜ਼ਿਲਕਾ, 18 ਫਰਵਰੀ
ਪੰਜਾਬ ਸੂਬੇ ਦੇ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਦੀ ਸਬ ਡਵੀਜ਼ਨ ਅਬੋਹਰ ਦੇ ਕਿਸਾਨਾਂ ਵੱਲੋਂ ਉਗਾਇਆ ਜਾਣ ਵਾਲਾ ਕਿੰਨੂ ਦੁਨੀਆ ਭਰ ਵਿੱਚ ਮਸ਼ਹੂਰ ਹੈ। ਇੱਥੋਂ ਦੇ ਕਿਸਾਨਾਂ ਵੱਲੋਂ ਸਰਕਾਰਾਂ ਵੱਲੋਂ ਸੁਝਾਈ ਫਸਲੀ ਵਿਭਿੰਨਤਾ ਨੂੰ ਅਪਣਾਉਂਦਿਆਂ ਬਾਗਬਾਨੀ ਦਾ ਇੱਕ ਵੱਡਾ ਹੱਬ ਤਿਆਰ ਕਰ ਦਿੱਤਾ ਸੀ ਜਿਸ ਤਹਿਤ ਦੇਸ਼ ਵਿੱਚ ਵਰਤਿਆ ਜਾਣ ਵਾਲਾ ਲਗਪਗ ਹਰ ਫਲ ਇੱਥੋਂ ਦੇ ਕਿਸਾਨਾਂ ਵੱਲੋਂ ਉਗਾਇਆ ਗਿਆ ਪਰ ਅੱਜ ਇੱਥੋਂ ਦੇ ਕਿਸਾਨ ਕੱਖੋਂ ਹੌਲੇ ਹੋਏ ਜਾਪਦੇ ਨਜ਼ਰ ਆ ਰਹੇ ਹਨ।
ਅਬੋਹਰ ਦੇ ਪਿੰਡ ਧਰਾਂਗ ਵਾਲਾ ਦੇ ਕਿਸਾਨ ਰਜਿੰਦਰ ਸਿੰਘ ਸੇਖੋਂ ਨੇ ਕਿ ਪੰਜਾਬ ਦੇ ਕੈਲੀਫੋਰਨੀਆ ਕਹਾਉਣ ਵਾਲੇ ਅਬੋਹਰ ਦੇ ਕਿੰਨੂ ਪੈਦਾ ਕਰਨ ਵਾਲੇ ਕਿਸਾਨ ਆਰਥਿਕ ਮੰਦੀ ਦੀ ਕਗਾਰ ’ਤੇ ਪਹੁੰਚ ਚੁੱਕੇ ਹਨ। ਇਹ ਸਾਰਾ ਕੁਝ ਸਰਕਾਰਾਂ ਕਾਰਨ ਵਾਪਰ ਰਿਹਾ ਹੈ। ਸਰਕਾਰਾਂ ਵੱਲੋਂ ਕਿੰਨੂ ਦੇ ਮੰਡੀਕਰਨ ਦਾ ਪ੍ਰਬੰਧ ਨਾ ਹੋਣ ਕਾਰਨ ਫਲ ਸੜਕਾਂ ’ਤੇ ਰੁਲ ਰਿਹਾ ਹੈ। ਪਹਿਲਾਂ ਪੰਜਾਬ ਸਰਕਾਰ ਨੇ ਪੰਜਾਬ ਐਗਰੋ ਏਜੰਸੀ ਵੱਲੋਂ ਖਰੀਦ ਕਰਨ ਦਾ ਭਰੋਸਾ ਦਿੱਤਾ ਸੀ ਪਰ ਉਸ ਵੱਲੋਂ ਵੀ ਧਨਾਡ ਕਿਸਾਨਾਂ ਦਾ ਕਿੰਨੂ ਖਰੀਦ ਕੇ ਬਾਕੀ ਕਿਸਾਨਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਗਿਆ। ਉਨ੍ਹਾਂ ਸਿੱਧੇ ਤੌਰ ’ਤੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਬਦਲਾਅ ਦੇ ਨਾਂ ’ਤੇ ਆਈ ਇਸ ਸਰਕਾਰ ਦੇ ਰਾਜ ਵਿੱਚ ਵੀ ਸਿਰਫ ਬਾਦਲ ਪਿੰਡ ਦੇ ਧਨਾਡ ਕਿਸਾਨਾਂ ਤੋਂ ਕਿੰਨੂ ਖਰੀਦਿਆ ਗਿਆ, ਬਾਕੀ ਸਾਰੇ ਦੇਖਦੇ ਹੀ ਰਹਿ ਗਏ। ਪੰਜਾਬ ਸਰਕਾਰ ਵੱਲੋਂ ਮੌਸਮੀ ਫਲ ਦਿੱਤੇ ਜਾਣ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਦੇਰ ਆਏ ਦਰੁਸਤ ਆਏ। ਜੇ ਇਹ ਫੈਸਲਾ ਦਸੰਬਰ ਦੇ ਸ਼ੁਰੂ ਵਿੱਚ ਲਿਆ ਜਾਂਦਾ ਤਾਂ ਕਿਸਾਨਾਂ ਨੂੰ ਕੁਝ ਹੋਰ ਰਾਹਤ ਮਿਲ ਸਕਦੀ ਸੀ।
ਕਿਸਾਨ ਅਜੈ ਵਧਵਾ ਨੇ ਕਿਹਾ ਕਿ ਫਸਲੀ ਵਿਭਿੰਨਤਾ ਵਿੱਚ ਸਭ ਤੋਂ ਪਹਿਲਾਂ ਉਨ੍ਹਾਂ ਦੇ ਇਲਾਕੇ ਨੇ ਪਹਿਲਕਦਮੀ ਕੀਤੀ ਪਰ ਅੱਜ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਉਹ ਆਪਣਾ ਅੱਧਾ ਬਾਗ ਪੁੱਟਣ ਲਈ ਮਜਬੂਰ ਹੈ। ਅਜੈ ਵਧਵਾ ਨੇ ਖੇਤੀ ਮਾਹਿਰਾਂ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਕਰੋੜਾਂ ਰੁਪਏ ਦੀ ਤਨਖਾਹ ਲੈ ਕੇ ਖੇਤੀਬਾੜੀ ਯੂਨੀਵਰਸਿਟੀ ਵਿੱਚ ਯੋਜਨਾਵਾਂ ਬਣਾਉਣ ਵਾਲੇ ਖੇਤੀ ਮਾਹਿਰਾਂ ਨੂੰ ਖੇਤਾਂ ਵਿੱਚ ਜਾ ਕੇ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਸਮੱਸਿਆ ਹੱਲ ਕਰਨੀ ਚਾਹੀਦੀ ਹੈ।
ਡੀਸੀ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ
ਕਿਸਾਨਾਂ ਵੱਲੋਂ ਬੀਤੇ ਦਿਨੀਂ ਰੋਸ ਪ੍ਰਦਰਸ਼ਨ ਕੀਤੇ ਜਾਣ ਤੋਂ ਬਾਅਦ ਸ਼ਾਇਦ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਕੰਨ ’ਤੇ ਜੂੰ ਸਰਕਦੀ ਨਜ਼ਰ ਆਈ ਹੈ। ਇਸ ਤਹਿਤ ਅੱਜ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਨੇ ਅਬੋਹਰ ਇਲਾਕੇ ਵਿੱਚ ਪੰਜਾਬ ਐਗਰੋ ਦੇ ਕਿੰਨੂ ਪੈਕਿੰਗ ਪਲਾਂਟ ਦਾ ਦੌਰਾ ਕੀਤਾ। ਇੱਥੇ ਉਨ੍ਹਾਂ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਦਾ ਭਰੋਸਾ ਦਿੱਤਾ।