ਭਾਰਤ ਨਾਲ ਮਤਭੇਦ ਗੱਲਬਾਤ ਰਾਹੀਂ ਸੁਲਝਾਉਣ ਦੇ ਯੋਗ: ਚੀਨ
ਪੇਈਚਿੰਗ, 26 ਸਤੰਬਰ
ਚੀਨ ਦੇ ਰੱਖਿਆ ਮਤੰਰਾਲੇ ਨੇ ਅੱਜ ਕਿਹਾ ਕਿ ਚੀਨ ਤੇ ਭਾਰਤ ਆਪਸੀ ਮਤਭੇਦ ਘਟਾਉਣ ਅਤੇ ਪੂਰਬੀ ਲੱਦਾਖ ’ਚ ਵਿਵਾਦ ਸੁਲਝਾਉਣ ਲਈ ਵਿਵਾਦਤ ਥਾਵਾਂ ਤੋਂ ਸੈਨਾਵਾਂ ਹਟਾਉਣ ’ਤੇ ‘ਕੁਝ ਆਮ ਸਹਿਮਤੀ’ ਬਣਾਉਣ ਦੇ ਸਮਰੱਥ ਹਨ ਅਤੇ ਹੁਣ ਤੱਕ ਦੋਵੇਂ ਧਿਰਾਂ ਸਵੀਕਾਰਨ ਯੋਗ ਹੱਲ ਤੱਕ ਪਹੁੰਚਣ ਲਈ ਗੱਲਬਾਤ ਜਾਰੀ ਰੱਖਣ ’ਤੇ ਸਹਿਮਤ ਹੋਈਆਂ ਹਨ।
ਕੌਮੀ ਰੱਖਿਆ ਮੰਤਰਾਲੇ ਦੇ ਬੁਲਾਰੇ ਜ਼ੈਂਗ ਸ਼ਿਓਗੈਂਗ ਨੇ ਕਿਹਾ ਕਿ ਦੋ ਆਗੂਆਂ ਦੀ ਨਿਗਰਾਨੀ ਹੇਠ ਚੀਨ ਤੇ ਭਾਰਤ ਨੇ ਇੱਕ ਦੂਜੇ ਨਾਲ ਦੋਵਾਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਤੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਤੋਂ ਇਲਾਵਾ ਕੂਟਨੀਤਕ ਤੇ ਫੌਜੀ ਚੈਨਲਾਂ ਰਾਹੀਂ ਸੰਪਰਕ ਕੀਤਾ ਹੈ। ਉਨ੍ਹਾਂ ਕਿਹਾ, ‘ਭਾਰਤ ਤੇ ਚੀਨ ਦੋਵੇਂ ਗੱਲਬਾਤ ਰਾਹੀਂ ਆਪਣੇ ਮਤਭੇਦ ਘਟਾਉਣ ਅਤੇ ਇੱਕ-ਦੂਜੇ ਦੀਆਂ ਚਿੰਤਾਵਾਂ ਦੂਰ ਕਰਨ ਲਈ ਗੱਲਬਾਤ ਨੂੰ ਮਜ਼ਬੂਤ ਕਰਨ ’ਤੇ ਸਹਿਮਤ ਹੋਣ ਤੋਂ ਇਲਾਵਾ ਕੁਝ ਆਮ ਸਹਿਮਤੀ ਬਣਾਉਣ ਦੇ ਸਮਰੱਥ ਹਨ।’ ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਜਲਦੀ ਤੋਂ ਜਲਦੀ ਇੱਕ ਅਜਿਹੇ ਹੱਲ ’ਤੇ ਪਹੁੰਚਣ ’ਤੇ ਸਹਿਮਤ ਹੋਈਆਂ ਹਨ ਜੋ ਦੋਵਾਂ ਧਿਰਾਂ ਨੂੰ ਸਵੀਕਾਰ ਹੋਵੇ। ਉਹ ਚਾਰ ਤੋਂ ਵੱਧ ਵਾਰ ਟਕਰਾਅ ਹੋਣ ਵਾਲੀਆਂ ਥਾਵਾਂ ਤੇ ਖਾਸ ਕਰਕੇ ਡੈਮਚੋਕ ਤੇ ਦੇਪਸਾਂਗ ਤੋਂ ਸੈਨਿਕਾਂ ਦੀ ਵਾਪਸੀ ’ਤੇ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਬਾਰੇ ਸਵਾਲ ਦਾ ਜਵਾਬ ਦੇ ਰਹੇ ਸਨ।
ਉਨ੍ਹਾਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੀ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਤੇ ਰੂਸ ਵਿੱਚ ਬਰਿੱਕਸ ਸੰਮੇਲਨ ਦੇ ਇੱਕ ਪਾਸੇ ਵਾਂਗ ਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵਿਚਾਲੇ ਹੋਈਆਂ ਮੁਲਾਕਾਤਾਂ ਦਾ ਵੀ ਹਵਾਲਾ ਦਿੱਤਾ। ਜ਼ਿਕਰਯੋਗ ਹੈ ਪਿਛਲੇ ਕੁਝ ਸਾਲਾਂ ਤੋਂ ਭਾਰਤ ਤੇ ਚੀਨ ਵਿਚਾਲੇ ਪੂਰਬੀ ਲੱਦਾਖ ’ਚ ਵਿਵਾਦ ਚੱਲ ਰਿਹਾ ਹੈ। -ਪੀਟੀਆਈ