ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਵੇਗੀ ਅਭਿਸ਼ੇਕ ਦੀ ‘ਆਈ ਵਾਂਟ ਟੂ ਟਾਕ’
ਮੁੰਬਈ: ਅਭਿਸ਼ੇਕ ਬੱਚਨ ਦੀ ਫਿਲਮ ‘ਆਈ ਵਾਂਟ ਟੂ ਟਾਕ’ ਹੁਣ ਪ੍ਰਾਈਮ ਵੀਡੀਓ ’ਤੇ ਉਪਲੱਬਧ ਹੋਵੇਗੀ। ਪ੍ਰਾਈਮ ਮੈਂਬਰਜ਼ ਇਹ ਫਿਲਮ ਹੁਣ 240 ਤੋਂ ਵੱਧ ਮੁਲਕਾਂ ਵਿੱਚ ਦੇਖ ਸਕਣਗੇ। ਇਸ ਫਿਲਮ ਦਾ ਨਿਰਦੇਸ਼ਨ ਸ਼ੂਜੀਤ ਸਿਰਕਾਰ ਨੇ ਕੀਤਾ ਹੈ। ਇਹ ਫਿਲਮ ਰੋਨੀ ਲਹਿਰੀ ਅਤੇ ਸ਼ੀਲ ਕੁਮਾਰ ਨੇ ਰਾਈਜ਼ਿੰਗ ਸਨ ਫਿਲਮਜ਼ ਦੇ ਬੈਨਰ ਹੇਠ ਤਿਆਰ ਕੀਤੀ ਗਈ ਹੈ। ਅਦਾਕਾਰ ਅਭਿਸ਼ੇਕ ਬੱਚਨ ਇਸ ਫਿਲਮ ਵਿੱਚ ਮੁੱਖ ਕਿਰਦਾਰ ਵਿੱਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਇਸ ਫਿਲਮ ਵਿੱਚ ਅਹਿਲਿਆ ਬਾਮਰੂ, ਜੈਯੰਤ ਕ੍ਰਿਪਲਾਨੀ, ਜੌਨੀ ਲੀਵਰ, ਪਰਲੇ ਡੇ ਅਤੇ ਕ੍ਰਿਸਟਿਨ ਗੋਡਾਰਡ ਵੀ ਨਜ਼ਰ ਆਉਣਗੇ। ‘ਆਈ ਵਾਂਟ ਟੂ ਟਾਕ’ ਮਨੁੱਖੀ ਰਿਸ਼ਤਿਆਂ ’ਤੇ ਆਧਾਰਿਤ ਭਾਵਨਾਵਾਂ ਨਾਲ ਜੁੜੀ ਹੋਈ ਕਹਾਣੀ ਹੈ। ਇਸ ਵਿੱਚ ਇੱਕ ਪਿਤਾ ਨੂੰ ਆਪਣੀ ਧੀ ਨਾਲੋਂ ਟੁੱਟੇ ਰਿਸ਼ਤੇ ਨੂੰ ਦੁਬਾਰਾ ਬਣਾਉਣ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ। ਇਹ ਫਿਲਮ ਬੰਗਾਲੀ ਵਿਅਕਤੀ ਅਰਜੁਨ ਸੇਨ ਦੀ ਜ਼ਿੰਦਗੀ ’ਤੇ ਆਧਾਰਿਤ ਹੈ। ਉਸ ਦੀ ਜ਼ਿੰਦਗੀ ਵਿੱਚ ਉਦੋਂ ਵੱਡਾ ਮੋੜ ਆਉਂਦਾ ਹੈ, ਜਦੋਂ ਉਸ ਨੂੰ ਪਤਾ ਲਗਦਾ ਹੈ ਕਿ ਉਸ ਦੀ ਜ਼ਿੰਦਗੀ ਸਿਰਫ਼ ਸੌ ਦਿਨਾਂ ਦੀ ਹੀ ਬਚੀ ਹੈ। ਇਹ ਸੱਚ ਉਸ ਨੂੰ ਜ਼ਿੰਦਗੀ ਦੀਆਂ ਦਿੱਕਤਾਂ ਦਾ ਸਾਹਮਣਾ ਕਰਨ ਲਈ ਮਜਬੂਰ ਕਰਦਾ ਹੈ। ਇਸ ਵਿੱਚ ਪਿਓ ਅਤੇ ਧੀ ਦੀਆਂ ਭਾਵਨਾਵਾਂ ਦੇ ਸਫ਼ਰ ਨੂੰ ਦਿਖਾਇਆ ਗਿਆ ਹੈ। -ਏਐੱਨਆਈ