ਆਮਦਨ ਕਰ ਅਧਿਕਾਰੀਆਂ ਵੱਲੋਂ ਅਭਿਸ਼ੇਕ ਬੈਨਰਜੀ ਦੇ ਹੈਲੀਕਾਪਟਰ ’ਤੇ ਛਾਪਾ
ਕੋਲਕਾਤਾ, 14 ਅਪਰੈਲ
ਤ੍ਰਿਣਮੂਲ ਕਾਂਗਰਸ ਨੇ ਅੱਜ ਕਿਹਾ ਕਿ ਆਮਦਨ ਕਰ ਅਧਿਕਾਰੀਆਂ ਨੇ ਕੋਲਕਾਤਾ ਦੇ ਬੇਹਾਲਾ ਫਲਾਇੰਗ ਕਲੱਬ ਵਿਚ ਪਾਰਟੀ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਦੇ ਹੈਲੀਕਾਪਟਰ ’ਤੇ ਛਾਪਾ ਮਾਰਿਆ। ਪਾਰਟੀ ਨੇ ਦਾਅਵਾ ਕੀਤਾ ਕਿ ਆਮਦਨ ਕਰ ਦਾ ਛਾਪਾ ਭਾਜਪਾ ਵੱਲੋਂ ਵਿਰੋਧੀ ਧਿਰ ਦੇ ਉਨ੍ਹਾਂ ਉਮੀਦਵਾਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਸਾਜ਼ਿਸ਼ ਹੈ, ਜਿਨ੍ਹਾਂ ਨਾਲ ਉਹ ਸਿਆਸੀ ਆਢਾ ਨਹੀਂ ਲਾ ਸਕਦੇ। ਪਾਰਟੀ ਨੇ ਐੱਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਹੈਲੀਕਾਪਟਰ ਬੈਨਰਜੀ ਦੀ ਪੂਰਬੀ ਮਿਦਨਾਪੁਰ ਦੇ ਹਲਦੀਆ ਵਿਚ ਬੈਨਰਜੀ ਦੀ ਤਜਵੀਜ਼ਤ ਫੇਰੀ ਲਈ ਬੇਹਾਲਾ ਫਲਾਇੰਗ ਕਲੱਬ ਵਿਚ ਟਰਾਇਲ ਉਡਾਣ ’ਤੇ ਸੀ ਜਦੋਂ ਆਈਟੀ ਅਧਿਕਾਰੀਆਂ ਦੀ ਟੀਮ ਉਥੇ ਪੁੱਜੀ ਤੇ ਫਰੋਲਾ-ਫਰਾਲੀ ਸ਼ੁਰੂ ਕਰ ਦਿੱਤੀ। ਬੈਨਰਜੀ ਨੇ ਮਗਰੋਂ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਐੱਨਆਈਏ ਦੇ ਡੀਜੀ ਤੇ ਐੱਸਪੀ ਨੂੰ ਹਟਾਉਣ ਦੀ ਥਾਂ ਭਾਜਪਾ ਨੇ ਆਈਟੀ ਵਿਭਾਗ ਵਿਚਲੇ ਆਪਣੇ ਚਮਚਿਆਂ ਰਾਹੀਂ ਛਾਪਾ ਮਾਰ ਕੇ ਮੇਰੇ ਚੌਪਰ ਤੇ ਸੁਰੱਖਿਆ ਬਲਾਂ ਦੀ ਫਰੋਲਾ-ਫਰਾਲੀ ਕੀਤੀ ਤੇ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ।’’ ਪਾਰਟੀ ਨੇ ਕਿਹਾ, ‘‘ਜਦੋਂ ਆਮਦਨ ਕਰ ਅਧਿਕਾਰੀਆਂ ਨੂੰ ਕੁਝ ਨਹੀਂ ਮਿਲਿਆ ਤਾਂ ਸ੍ਰੀ ਮੋਦੀ ਦੀ ਨਿਰਾਸ਼ ਹੋਈ ਟੀਮ ਨੇ ਚੌਪਰ ਨੂੰ ਉੱਡਣ ਦੀ ਇਜਾਜ਼ਤ ਨਹੀਂ ਦਿੱਤੀ। ਜਦੋਂ ਬੈਨਰਜੀ ਦੇ ਸੁਰੱਖਿਆ ਅਮਲੇ ਨੇ ਕਾਰਨ ਪੁੱਛਿਆ ਤਾਂ ਉਨ੍ਹਾਂ ਚੌਪਰ ਨੂੰ ਗੈਰਕਾਨੂੰਨੀ ਢੰਗ ਨਾਲ ਹਿਰਾਸਤ ਵਿਚ ਲੈਣ ਦੀ ਧਮਕੀ ਦਿੱਤੀ। ਉਨ੍ਹਾਂ ਹਰੇਕ ਬੈਗ ਖੋਲ੍ਹਿਆ ਤੇ ਚੌਪਰ ਦੇ ਹਰ ਕੋਨੇ ਦੀ ਤਲਾਸ਼ੀ ਲਈ।’’ -ਪੀਟੀਆਈ