ਏਸ਼ਿਆਈ ਡਬਲਜ਼ ਸਕੁਐਸ਼ ਚੈਂਪੀਅਨਸ਼ਿਪ ਵਿੱਚ ਅਭੈ ਸਿੰਘ ਨੇ ਦੋ ਸੋਨ ਤਗ਼ਮੇ ਜਿੱਤੇ
ਜੋਹੋਰ (ਮਲੇਸ਼ੀਆ), 7 ਜੁਲਾਈ
ਸਕੁਐਸ਼ ਖਿਡਾਰੀ ਅਭੈ ਸਿੰਘ ਨੇ ਅੱਜ ਇੱਥੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਏਸ਼ਿਆਈ ਡਬਲਜ਼ ਸਕੁਐਸ਼ ਚੈਂਪੀਅਨਸ਼ਿਪ ਵਿੱਚ ਦੋਹਰੇ ਖਿਤਾਬ ਜਿੱਤੇ। ਏਸ਼ਿਆਈ ਖੇਡਾਂ ਵਿੱਚ ਟੀਮ ਚੈਂਪੀਅਨਸ਼ਿਪ ਦੇ ਸੋਨ ਤਗ਼ਮਾ ਜੇਤੂੁ ਅਭੈ ਨੇ ਵੇਲਾਵਨ ਸੇਂਥਿਲਕੁਮਾਰ ਨਾਲ ਮਿਲ ਕੇ ਪੁਰਸ਼ ਡਲਬਜ਼ ਖਿਤਾਬ ਜਿੱਤਿਆ। ਇਸ ਮਗਰੋਂ ਅਭੈ ਨੇ ਤਜਰਬੇਕਾਰ ਜੋਸ਼ਨਾ ਚਿਨੱਪਾ ਨਾਲ ਮਿਲ ਕੇ ਮਿਕਸਡ ਡਬਲਜ਼ ਫਾਈਨਲ ਮੁਕਾਬਲਾ ਜਿੱਤਿਆ। ਅਭੈ ਅਤੇ ਵੇਲਾਵਨ ਦੀ ਸਿਖਰਲਾ ਦਰਜਾ ਪ੍ਰਾਪਤ ਜੋੜੀ ਨੇ ਪੁਰਸ਼ ਡਬਲਜ਼ ਫਾਈਨਲ ਵਿੱਚ ਮਲੇਸ਼ੀਆ ਦੇ ਓਂਗ ਸਾਈ ਹੁੰਗ ਅਤੇ ਸਿਆਫਿਕ ਕਮਾਲ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਨੂੰ 11-4, 11-5 ਨਾਲ ਹਰਾ ਦਿੱਤਾ। ਇਸ ਮਗਰੋਂ ਅਭੈ ਅਤੇ ਜੋਸ਼ਨਾ ਦੀ ਤੀਜਾ ਦਰਜਾ ਪ੍ਰਾਪਤ ਜੋੜੀ ਨੇ ਤੋਂਗ ਸੇਜ਼ ਵਿੰਗ ਅਤੇ ਤਾਂਗ ਮਿੰਗ ਹੋਂਗ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਨੂੰ ਮਿਕਸਡ ਡਬਲਜ਼ ਫਾਈਨਲ ਵਿੱਚ 11-8, 10-11, 11-5 ਨਾਲ ਹਰਾ ਦਿੱਤਾ। ਵੇਲਾਵਨ ਨੇ ਇੱਕ ਬਿਆਨ ਵਿੱਚ ਕਿਹਾ, ‘‘ਮੈਂ ਅਭੈ ਲਈ ਬਹੁਤ ਖੁਸ਼ ਹਾਂ, ਜਿਸ ਨੇ ਇਸ ਹਫ਼ਤੇ ਇੰਨਾ ਸ਼ਾਨਦਾਰ ਪ੍ਰਦਰਸ਼ਨ ਕੀਤਾ।’’ ਇਸ ਸਾਲ ਪਦਮਸ੍ਰੀ ਪੁਰਸਕਾਰ ਜਿੱਤਣ ਵਾਲੀ ਜੋਸ਼ਨਾ ਨੇ ਕਿਹਾ, ‘‘ਭਾਰਤ ਲਈ ਮੁੜ ਤੋਂ ਖੇਡਣਾ ਮੇਰੇ ਲਈ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਮੈਂ ਗੋਡੇ ਦੇ ਅਪਰੇਸ਼ਨ ਕਾਰਨ ਪਿਛਲੇ ਪੰਜ ਮਹੀਨਿਆਂ ਤੋਂ ਖੇਡ ਤੋਂ ਦੂਰ ਸੀ। ਡਬਲਜ਼ ਵਿੱਚ ਵਾਪਸੀ ਕਰਨਾ ਚੰਗਾ ਮੌਕਾ ਸੀ ਤਾਂ ਕਿ ਮੈਂ ਪੀਐੱਸਏ ਟੂਰ ’ਤੇ ਵਾਪਸੀ ਕਰ ਸਕਾਂ।’’ -ਪੀਟੀਆਈ