ਨਿਹੰਗਾਂ ਦੇ ਬਾਣੇ ’ਚ ਆਏ ਵਿਅਕਤੀਆਂ ਵੱਲੋਂ ਪਤੀ-ਪਤਨੀ ਅਗਵਾ
ਜਸਬੀਰ ਸਿੰਘ ਚਾਨਾ
ਫਗਵਾੜਾ, 22 ਜੁਲਾਈ
ਇਥੋਂ ਦੇ ਮੁਹੱਲਾ ਪਰਮ ਨਗਰ ’ਚੋਂ ਕੁਝ ਨਿਹੰਗਾਂ ਦੇ ਬਾਣੇ ’ਚ ਆਏ ਇੱਕ ਦਰਜਨ ਤੋਂ ਵੱਧ ਵਿਅਕਤੀਆਂ ਵਲੋਂ ਇੱਕ ਪਤੀ-ਪਤਨੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਤੇ ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ। ਸਿਟੀ ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਕੇ ਕਈ ਵਿਅਕਤੀ ਕਾਬੂ ਕਰ ਲਏ ਹਨ।
ਐੱਸਪੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਇੱਥੇ 36 ਸਾਲਾ ਸੋਨੂ ਆਪਣੀ ਪਤਨੀ ਜੋਤਾ ਨਾਲ ਰਹਿ ਰਿਹਾ ਸੀ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਦਾ ਕਿਸੇ ਨਾਲ ਲੈਣ-ਦੇਣ ਦਾ ਝਗੜਾ ਸੀ ਤੇ ਕੁਝ ਦਨਿਾਂ ਤੋਂ ਇਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਸਨ, ਜਿਸ ਕਾਰਨ ਇਨ੍ਹਾਂ ਨੇ ਨਿੱਜੀ ਬਾਊਸਰ ਵੀ ਰੱਖੇ ਹੋਏ ਸਨ।
ਜਾਣਕਾਰੀ ਅਨੁਸਾਰ ਬੀਤੀ ਸ਼ਾਮ ਅਗਵਾਕਾਰ ਉਨ੍ਹਾਂ ਦੇ ਘਰ ਆਏ ਤਾਂ ਮਾਲਕਾਂ ਨੇ ਬਾਊਸਰਾਂ ਨੂੰ ਸਾਮਾਨ ਖਰੀਦਣ ਲਈ ਬਾਜ਼ਾਰ ਭੇਜਦਿਆਂ ਕਿਹਾ ਕਿ ਜਦੋਂ ਫ਼ੋਨ ਕਰਾਂਗੇ ਤਾਂ ਹੀ ਉਹ ਵਾਪਸ ਆਉਣ। ਇਸ ਤੋਂ ਬਾਅਦ ਬਾਊਂਸਰਾਂ ਨੂੰ ਕੋਈ ਫੋਨ ਨਾ ਆਇਆ ਤੇ ਜਦੋਂ ਬਾਊਸਰ ਘਰ ਪੁੱਜੇ ਤਾਂ ਘਰ ਦੀ ਭੰਨ੍ਹ-ਤੋੜ ਕੀਤੀ ਹੋਈ ਸੀ ਤੇ ਸਾਮਾਨ ਵੀ ਖਿਲਰਿਆ ਸੀ ਤੇ ਖੂਨ ਵੀ ਡੁੱਲ੍ਹਿਆ ਹੋਇਆ ਸੀ।
ਇਸ ਤੋਂ ਬਾਅਦ ਬਾਊਂਸਰ ਵਿਵੇਕ ਕੁਮਾਰ ਨੇ ਪੁਲੀਸ ਨੂੰ ਫ਼ੋਨ ਕੀਤਾ ਤਾਂ ਐੱਸਐੱਚਓ ਸਿਟੀ ਅਮਨਦੀਪ ਨਾਹਰ ਮੌਕੇ ’ਤੇ ਪੁੱਜੇ ਤੇ ਘਟਨਾ ਦਾ ਜਾਇਜ਼ਾ ਲਿਆ। ਸੀਸੀਟੀਵੀ ਕੈਮਰਿਆਂ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਅਗਵਾਕਾਰ ਪਤੀ-ਪਤਨੀ ਨੂੰ ਜਬਰੀ ਨਾਲ ਲੈ ਗਏ ਹਨ। ਪੁਲੀਸ ਟੀਮਾਂ ਨੇ ਅੱਜ ਕਈ ਥਾਵਾਂ ’ਤੇ ਛਾਪੇ ਮਾਰੇ। ਪੁਲੀਸ ਸੂਤਰਾਂ ਨੇ ਦੱਸਿਆ ਕਿ ਪੁਲੀਸ ਭਲਕੇ ਮਾਮਲੇ ਦਾ ਸਾਰਾ ਖੁਲਾਸਾ ਕਰ ਦੇਵੇਗੀ।