ਅਗਵਾ ਕੀਤੀ ਨਾਬਾਲਗ ਲੜਕੀ ਬਰਾਮਦ; ਦੋ ਗ੍ਰਿਫ਼ਤਾਰ
ਕੇ .ਪੀ. ਸਿੰਘ
ਗੁਰਦਾਸਪੁਰ, 25 ਜੁਲਾਈ
ਪੁਲੀਸ ਨੇ ਨਾਬਾਲਗ ਲੜਕੀ ਨੂੰ ਅਗਵਾ ਕਰਨ ਦੇ ਮਾਮਲੇ ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਲੜਕੀ ਨੂੰ ਬਰਾਮਦ ਕਰ ਲਿਆ ਹੈ । ਮੁਲਜ਼ਮਾਂ ਤੋਂ ਅਗਵਾ ਵਿੱਚ ਵਰਤੀ ਗਈ ਗੱਡੀ ਵੀ ਬਰਾਮਦ ਕੀਤੀ ਗਈ ਹੈ। ਜ਼ਿਲ੍ਹਾ ਪੁਲੀਸ ਮੁਖੀ ਡਾ. ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਥਾਣਾ ਘੁੰਮਣ ਕਲਾਂ ਦੇ ਤਹਿਤ ਆਉਂਦੇ ਪਿੰਡ ਦੀ ਇਕ ਔਰਤ ਨੇ 29 ਜੂਨ ਨੂੰ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਨਾਬਾਲਗ ਲੜਕੀ ਨੂੰ ਰਾਕੇਸ਼ ਕੁਮਾਰ ਉਰਫ਼ ਸੋਨੂੰ ਬਾਬਾ ਨਿਵਾਸੀ ਭੰਡਾਲ ਹਾਲ ਨਿਵਾਸੀ ਕੋਟਲਾ ਡੂਮ ਥਾਣਾ ਰਾਜਾਸਾਂਸੀ (ਅੰਮ੍ਰਿਤਸਰ) ਆਪਣੇ ਸਾਥੀਆਂ ਦੇ ਨਾਲ ਵਿਆਹ ਦਾ ਝਾਂਸਾ ਦੇ ਕੇ ਲੈ ਗਿਆ ਹੈ। । ਦੋ ਮਹੀਨੇ ਪਹਿਲੇ ਉਹ ਆਪਣੇ ਬੱਚਿਆਂ ਦੇ ਨਾਲ ਆਪਣੇ ਪਤੀ ਦੇ ਕੋਲ ਪਿੰਡ ਬਾਂਗੋਵਾਣੀ ਆ ਗਈ । ਮੁਲਜ਼ਮ ਸੋਨੂੰ ਬਾਬਾ ਨੂੰ 23 ਜੁਲਾਈ ਨੂੰ ਗ੍ਰਿਫ਼ਤਾਰ ਕਰਕੇ ਨਾਬਾਲਗ ਲੜਕੀ ਨੂੰ ਮੇਜਰ ਸਿੰਘ ਨਿਵਾਸੀ ਫਤਾਹਪੁਰ (ਅੰਮ੍ਰਿਤਸਰ) ਦੇ ਘਰੋਂ ਬਰਾਮਦ ਕਰ ਲਿਆ ਗਿਆ ਹੈ । ਮਾਮਲੇ ਦੇ ਦੂਸਰੇ ਮੁਲਜ਼ਮ ਬਲਦੇਵ ਸਿੰਘ ਵਾਸੀ ਇੰਦਰਾ ਕਾਲੋਨੀ, ਵੇਰਕਾ ਨੂੰ ਵੀ ਫਤਾਹਪੁਰ ਤੋਂ ਕਾਬੂ ਕੀਤਾ ਗਿਆ ਹੈ । ਬਲਦੇਵ ਸਿੰਘ ਤੋਂ ਇੱਕ ਹੋਰ ਲੜਕੀ ਬਰਾਮਦ ਹੋਈ ਹੈ ਜਿਸ ਨੂੰ ਕਰੀਬ ਤਿੰਨ ਮਹੀਨੇ ਪਹਿਲੇ ਤਾਂਤਰਿਕ ਸੋਨੂੰ ਬਾਬਾ ਨੇ ਪਿੰਡ ਕੋਟਲਾ ਡੂਮ ਤੋਂ ਅਗਵਾ ਕੀਤਾ ਸੀ । ਇਸ ਮਾਮਲੇ ਵਿੱਚ ਦੋ ਮੁਲਜ਼ਮ ਕੁਲਵਿੰਦਰ ਸਿੰਘ ਵਾਸੀ ਗੁਰੂ ਨਾਨਕ ਮੁਹੱਲਾ ਵੇਰਕਾ ਅਤੇ ਸੋਹਣ ਸਿੰਘ ਵਾਸੀ ਹਤੇਸਪੁਰ (ਅੰਮ੍ਰਿਤਸਰ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।